26/02/2025
https://www.facebook.com/share/p/1A8zWX4eUW/?mibextid=wwXIfr
Europe, America, and Russia: A New Political Chess - The world is witnessing a new geopolitical chess game, where power dynamics between Europe, America, and Russia are rapidly evolving. My latest article, published in Ajit Newspaper, delves into these shifting alliances, economic strategies, and political maneuvers shaping our global future.
Amanpreet Chhina.
ਯੂਰਪ, ਅਮਰੀਕਾ ਅਤੇ ਰੂਸ: ਇੱਕ ਨਵੀਂ ਰਾਜਨੀਤਕ ਸ਼ਤਰੰਜ
ਅਮਨਪ੍ਰੀਤ ਸਿੰਘ ਛੀਨਾ
ਯੂਰਪੀ ਯੂਨੀਅਨ ਅੱਜ ਇੱਕ ਇਤਿਹਾਸਕ ਸੰਕਟ ਦਾ ਸਾਹਮਣਾ ਕਰ ਰਹੀ ਹੈ, ਜਿੱਥੇ ਅੰਤਰਰਾਸ਼ਟਰੀ ਅਤੇ ਅੰਦਰੂਨੀ ਦਬਾਅ ਇਸ ਸੰਘ ਦੀ ਇੱਕਤਾ ਅਤੇ ਭਵਿੱਖ ਨੂੰ ਸਿੱਧਾ ਪ੍ਰਭਾਵਿਤ ਕਰ ਰਹੇ ਹਨ। ਵਿਸ਼ਵ ਰਾਜਨੀਤਿਕ ਤਾਕਤਾਂ—ਅਮਰੀਕਾ, ਰੂਸ, ਅਤੇ ਚੀਨ—ਯੂਰਪ ਦੀ ਦਿਸ਼ਾ ਨੂੰ ਆਪਣੇ ਹਿਤਾਂ ਅਨੁਸਾਰ ਮੋੜ ਰਹੀਆਂ ਹਨ। ਇਹ ਸੰਕਟ ਨਵੇਂ ਤਰੀਕੇ ਨਾਲ ਸਾਹਮਣੇ ਆ ਰਿਹਾ ਹੈ, ਜਿਸ ਵਿੱਚ ਯੂਰਪ ਦੀ ਵਿਦੇਸ਼ ਨੀਤੀ, ਆਰਥਿਕ ਸੁਤੰਤਰਤਾ, ਅਤੇ ਸੁਰੱਖਿਆ ਪ੍ਰਭਾਵਿਤ ਹੋ ਰਹੀ ਹੈ। ਬਰੇਕਜ਼ਿਟ (Brexit) ਤੋਂ ਬਾਅਦ, ਯੂਰਪੀ ਯੂਨੀਅਨ ਦੀ ਸ਼ਕਤੀ 'ਤੇ ਪਹਿਲਾਂ ਹੀ ਪ੍ਰਸ਼ਨ ਚਿੰਨ੍ਹ ਲੱਗ ਗਏ ਸਨ, ਪਰ ਹੁਣ ਇਹ ਸੰਕਟ ਹੋਰ ਵਧ ਰਿਹਾ ਹੈ। ਫ਼ਰਾਂਸ ਵਿੱਚ ਰਾਜਨੀਤਕ ਅਸਥਿਰਤਾ, ਜਰਮਨੀ ਵਿੱਚ ਰਾਸ਼ਟਰਵਾਦੀ ਪਾਰਟੀਆਂ ਦਾ ਮਜਬੂਤ ਹੋਣਾਂ, ਅਤੇ ਪੋਲੈਂਡ ਅਤੇ ਹੰਗਰੀ ਵਿੱਚ ਯੂਰਪੀ ਯੂਨੀਅਨ ਖ਼ਿਲਾਫ਼ ਉਠ ਰਹੀਆਂ ਅਵਾਜ਼ਾਂ ਨੇ ਸੰਘ ਦੀ ਇੱਕਤਾ ਲਈ ਹੋਰ ਚੁਣੌਤੀਆਂ ਖੜੀਆਂ ਕਰ ਦਿੱਤੀਆਂ ਹਨ। ਜੇਕਰ ਯੂਰਪ ਨੇ ਆਪਣੀ ਇੱਕਤਾ ਨੂੰ ਬਣਾਈ ਨਾ ਰੱਖਿਆ, ਤਾਂ ਇਹ ਇੱਕ ਨਵੀਂ ਰਾਜਨੀਤਕ ਅਤੇ ਆਰਥਿਕ ਤਬਾਹੀ ਵੱਲ ਵਧ ਸਕਦਾ ਹੈ। ਸੰਘ ਦੀ ਸਫਲਤਾ ਇੱਕਜੁੱਟਤਾ ‘ਤੇ ਨਿਰਭਰ ਕਰਦੀ ਹੈ, ਕਿਉਂਕਿ ਵਿਅਕਤੀਗਤ ਰਾਸ਼ਟਰਵਾਦੀ ਧਾਰਾਵਾਂ ਨਾ ਸਿਰਫ਼ ਯੂਰਪ, ਸਗੋਂ ਪੂਰੀ ਦੁਨੀਆ ਵਿੱਚ ਅਸਥਿਰਤਾ ਪੈਦਾ ਕਰ ਸਕਦੀਆਂ ਹਨ।
ਸਿਆਸਤ ਦੀ ਇਸ ਸ਼ਤਰੰਜ ਨੂੰ ਸਮਝਣ ਲਈ ਸਾਨੂੰ ਸਾਰੇ ਪਹਿਲੂਆਂ ਤੇ ਗੋਰ ਕਰਨ ਦੀ ਲੋੜ ਹੈ । ਅਮਰੀਕਾ ਨੇ ਯੂਕਰੇਨ ਸੰਕਟ ਨੂੰ ਆਪਣੇ ਵਿਸ਼ਵ ਰਾਜਨੀਤਕ ਹਥਿਆਰ ਵਜੋਂ ਵਰਤਦੇ ਹੋਏ, ਯੂਰਪ ਅਤੇ ਯੂਕਰੇਨ ਦੇ ਆਗੂਆਂ ਨੂੰ ਗੁਪਤ ਵਾਰਤਾਵਾਂ ਤੋਂ ਪਾਸੇ ਰੱਖ ਕੇ ਰੂਸ ਨਾਲ ਆਪਣੇ ਸੰਬੰਧ ਮਜ਼ਬੂਤ ਕਰਣ ਦੀ ਕੋਸ਼ਿਸ਼ ਕੀਤੀ ਹੈ। ਇਹ ਸਿਰਫ਼ ਇੱਕ ਯੁੱਧ ਜਾਂ ਰਣਨੀਤਕ ਸੰਕਟ ਨਹੀਂ, ਬਲਕਿ ਇਹ ਯੂਰਪ ਉੱਤੇ ਆਪਣੇ ਨਿਯੰਤਰਣ ਨੂੰ ਵਧਾਉਣ ਦੀ ਅਮਰੀਕਾ ਵੱਲੋਂ ਕੀਤੀ ਜਾ ਰਹੀ ਇੱਕ ਨਵੀਂ ਕੋਸ਼ਿਸ਼ ਹੈ। ਯੂਕਰੇਨ-ਰੂਸ ਸੰਕਟ 'ਚ ਅਮਰੀਕਾ ਦੀ ਨਵੀਂ ਰਣਨੀਤੀ, ਜੋ ਕਿ ਸ਼ੁਰੂਆਤ ਵਿੱਚ ਸੈਨਿਕ ਅਤੇ ਆਰਥਿਕ ਮਦਦ 'ਤੇ ਕੇਂਦਰਤ ਸੀ, ਹੁਣ ਕੁਦਰਤੀ ਸਰੋਤਾਂ 'ਤੇ ਨਿਯੰਤਰਣ ਦੀ ਦਿਸ਼ਾ ਵੱਲ ਵਧ ਰਹੀ ਹੈ। ਯੂਕਰੇਨ, ਜੋ ਵਿਸ਼ਵ ਦੇ ਸਭ ਤੋਂ ਵਧੀਆ ਲੋਹੇ, ਨਿਕਲ, ਲਿਥੀਅਮ, ਅਤੇ ਹੋਰ ਮਹੱਤਵਪੂਰਨ ਧਾਤਵਾਂ ਦਾ ਭੰਡਾਰ ਹੈ, ਅਮਰੀਕਾ ਲਈ ਇੱਕ ਆਕਰਸ਼ਣ ਦਾ ਕੇਂਦਰ ਬਣ ਗਿਆ ਹੈ। ਅਮਰੀਕਾ ਨੇ ਯੂਕਰੇਨ ਨੂੰ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਜੇਕਰ ਉਹ ਅਮਰੀਕੀ ਸਹਾਇਤਾ ਚਾਹੁੰਦਾ ਹੈ, ਤਾਂ ਉਸ ਨੂੰ ਆਪਣੇ ਕੁਦਰਤੀ ਸਰੋਤਾਂ 'ਚ 50% ਹਿੱਸਾ ਅਮਰੀਕਾ ਨੂੰ ਦੇਣਾ ਪਵੇਗਾ। ਇਹ ਵਿਅਪਕ ਤੌਰ 'ਤੇ ਯੂਰਪ ਲਈ ਖ਼ਤਰੇ ਦੀ ਘੰਟੀ ਹੈ, ਕਿਉਂਕਿ ਜੇਕਰ ਯੂਕਰੇਨ ਇਹ ਸ਼ਰਤ ਮੰਨ ਲੈਂਦਾ ਹੈ, ਤਾਂ ਯੂਰਪੀ ਯੂਨੀਅਨ ਨੂੰ ਇਹ ਖਣਿਜ ਭਵਿੱਖ ਵਿੱਚ ਉੱਚੇ ਭਾਅ ‘ਤੇ ਖਰੀਦਣੇ ਪੈਣਗੇ, ਜੋ ਯੂਰਪ ਦੀ ਆਰਥਿਕ ਨੀਤੀ ਲਈ ਨੁਕਸਾਨਦਾਇਕ ਹੋ ਸਕਦਾ ਹੈ।
ਇਸ ਦੇ ਨਾਲ, ਅਮਰੀਕਾ ਨੇ ਯੂਰਪੀ ਯੂਨੀਅਨ ਨੂੰ ਸਿੱਧਾ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੇ ਅਮਰੀਕਾ ਦੀ ਵਪਾਰਕ ਨੀਤੀ ਦਾ ਪੂਰਾ ਸਾਥ ਨਾ ਦਿੱਤਾ, ਤਾਂ ਉਹ ਉਨ੍ਹਾਂ ਉੱਤੇ ਵਪਾਰਕ ਟੈਰਿਫ ਲਗਾ ਸਕਦਾ ਹੈ। ਇਹ ਟੈਰਿਫ ਜਰਮਨੀ, ਫ਼ਰਾਂਸ, ਅਤੇ ਹੋਰ ਉਦਯੋਗਿਕ ਤਾਕਤਾਂ ਲਈ ਵੱਡਾ ਸੰਕਟ ਹੋ ਸਕਦੇ ਹਨ, ਖ਼ਾਸ ਕਰਕੇ ਜਰਮਨੀ ਦੀ ਆਟੋਮੋਬਾਈਲ ਉਦਯੋਗ, ਜੋ ਯੂਰਪੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ। ਇਹ ਵਧਦੇ ਹੋਏ ਦਬਾਅ ਇਹ ਸੂਚਿਤ ਕਰ ਰਹੇ ਹਨ ਕਿ ਅਮਰੀਕਾ ਹੁਣ ਯੂਰਪ ਦੀ ਆਜ਼ਾਦ ਵਪਾਰਕ ਅਤੇ ਵਿਦੇਸ਼ੀ ਨੀਤੀ 'ਤੇ ਕੰਟਰੋਲ ਚਾਹੁੰਦਾ ਹੈ, ਜੋ ਕਿ ਬਰੇਕਜ਼ਿਟ ਤੋਂ ਬਾਅਦ ਹੋਰ ਵੀ ਕਠਿਨ ਹੋ ਗਿਆ ਹੈ।
ਜਰਮਨੀ ਦੀਆਂ ਹਾਲੀਆ ਚੋਣਾਂ, ਜਿੱਥੇ AfD ਪਾਰਟੀ ਨੇ 20% ਵੋਟਾਂ ਹਾਸਲ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਹਨ। AfD ਦੀ ਵਧਦੀ ਸਫ਼ਲਤਾ, ਜੋ ਕਿ ਯੂਰਪੀ ਯੂਨੀਅਨ, ਗੈਰਕਾਨੂੰਨੀ ਇਮੀਗ੍ਰੇਸ਼ਨ, ਅਤੇ ਯੂਕਰੇਨ ਮਦਦ ਦੇ ਵਿਰੋਧ ਵਿੱਚ ਹੈ, ਜਰਮਨੀ ਦੀ ਰਾਜਨੀਤਕ ਦ੍ਰਿਸ਼ਟੀਕੋਣ ਵਿੱਚ ਵੱਡੇ ਬਦਲਾਅ ਦਾ ਸੰਕੇਤ ਦਿੰਦੀ ਹੈ। ਇਹ ਸਥਿਤੀ ਯੂਰਪੀ ਯੂਨੀਅਨ ਦੀ ਇਕਜੁੱਟਤਾ ਨੂੰ ਕਮਜ਼ੋਰ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸੰਘ ਦੇ ਭਵਿੱਖ ਲਈ ਨਵੀਆਂ ਚੁਣੌਤੀਆਂ ਖੜ੍ਹੀਆਂ ਕਰ ਰਹੀ ਹੈ।
ਫ਼ਰਾਂਸ, ਜੋ ਹਮੇਸ਼ਾ ਯੂਰਪੀ ਯੂਨੀਅਨ ਦੀ ਲੀਡਰਸ਼ਿਪ ਵਿੱਚ ਰਹਿ ਚੁੱਕਾ ਹੈ, ਹੁਣ ਰਾਜਨੀਤਕ ਅਸਥਿਰਤਾ ਦਾ ਸ਼ਿਕਾਰ ਹੈ। ਮੈਕਰੋਂ ਦੀ ਸਰਕਾਰ ਲਚਕਣ ਲੱਗੀ ਹੈ, ਅਤੇ ਉਥੇ ਦੀ ਆਵਾਮ ਯੂਰਪੀ ਯੂਨੀਅਨ 'ਤੇ ਨਵੀਆਂ ਚਰਚਾਵਾਂ ਕਰ ਰਹੀ ਹੈ। ਪੋਲੈਂਡ, ਜੋ ਕਿ ਪਹਿਲਾਂ ਨੈਟੋ ਅਤੇ ਯੂਰਪੀ ਯੂਨੀਅਨ ਦਾ ਚੰਗਾ ਭਾਈਵਾਲ ਸੀ, ਹੁਣ ਉਹ ਵੀ ਆਪਣੀਆਂ ਨੀਤੀਆਂ ਵਿੱਚ ਹੋਰ ਆਜ਼ਾਦੀ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਕਿ ਪੂਰਬੀ ਯੂਰਪ ਵਿੱਚ ਨਵੀਆਂ ਵੰਡਾਂ ਪੈਦਾ ਕਰ ਸਕਦਾ ਹੈ। ਇਹ ਅੰਦਰੂਨੀ ਤਕਰਾਰ ਯੂਰਪੀ ਯੂਨੀਅਨ ਦੀ ਵਿਦੇਸ਼ ਨੀਤੀ ਨੂੰ ਹੋਰ ਕਮਜ਼ੋਰ ਕਰ ਰਹੀਆਂ ਹਨ, ਅਤੇ ਇਹ ਅਮਰੀਕਾ, ਰੂਸ, ਅਤੇ ਚੀਨ ਨੂੰ ਯੂਰਪੀ ਯੂਨੀਅਨ 'ਤੇ ਹੋਰ ਦਬਾਅ ਪਾਉਣ ਦਾ ਮੌਕਾ ਦੇ ਰਹੀਆਂ ਹਨ।
ਉੱਧਰ, ਅਮਰੀਕਾ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਯੂਰਪੀ ਯੂਨੀਅਨ ਨੇ ਕਨੇਡਾ ਨਾਲ ਆਪਣੇ ਵਪਾਰ ਸੰਬੰਧ ਹੋਰ ਨੇੜਲੇ ਕੀਤੇ, ਤਾਂ ਉਹ ਰੂਸ ਨਾਲ ਆਪਣੇ ਰਾਜਨੀਤਕ ਅਤੇ ਆਰਥਿਕ ਸੰਬੰਧ ਵਧਾ ਸਕਦਾ ਹੈ। ਇਹ ਚੇਤਾਵਨੀ ਦਰਸਾਉਂਦੀ ਹੈ ਕਿ ਜੇਕਰ ਯੂਰਪ ਆਪਣੀਆਂ ਨੀਤੀਆਂ ਵਿੱਚ ਕੈਨੇਡਾ ਨਾਲ ਨੇੜਤਾ ਲਿਆਵੇਗਾ, ਤਾਂ ਅਮਰੀਕਾ ਦੀ ਰਣਨੀਤੀ ਬਦਲ ਸਕਦੀ ਹੈ। ਪਹਿਲਾਂ ਰੂਸ ਦਾ ਵਿਰੋਧ ਕਰ ਰਹੇ ਅਮਰੀਕਾ ਦੀ ਯੋਜਨਾ ਹੁਣ ਉਸ ਨਾਲ ਤਾਲਮੇਲ ਵਧਾਉਣ ਵੱਲ ਵੱਧ ਸਕਦੀ ਹੈ, ਜੋ ਭਵਿੱਖ ਵਿੱਚ ਯੂਰਪ ਲਈ ਇੱਕ ਨਵੀਂ ਚੁਣੌਤੀ ਬਣ ਸਕਦੀ ਹੈ । ਭਾਵੇਂ ਕਿ ਇਸ ਤਰ੍ਹਾਂ ਸੰਭਵ ਹੋਣਾ ਇੰਨਾ ਸੌਖਾ ਨਹੀਂ ਹੈ, ਪਰ ਇਹ ਅਮਰੀਕਾ ਦੀ "ਅਮਰੀਕਾ ਫਸਟ" ਨੀਤੀ ਦਾ ਹਿੱਸਾ ਹੋ ਸਕਦਾ ਹੈ, ਜਿਸਦਾ ਮਕਸਦ ਆਪਣੀ ਤਾਕਤ ਨੂੰ ਦਰਸਾਉਣਾ ਜਾਂ ਹੋਰ ਤਾਕਤਾਂ ਨੂੰ ਕਮਜ਼ੋਰ ਕਰਨਾ ।
ਯੂਰਪੀ ਯੂਨੀਅਨ ਅੱਜ ਇੱਕ ਨਿਰਣਾਇਕ ਮੋੜ ‘ਤੇ ਖੜ੍ਹੀ ਹੈ, ਜਿੱਥੇ ਇੱਕਤਾ, ਆਰਥਿਕ ਸਥਿਰਤਾ, ਅਤੇ ਰਾਜਨੀਤਕ ਸੁਤੰਤਰਤਾ ਸੰਭਾਲਣ ਦੀ ਲੋੜ ਹੈ। ਜੇਕਰ ਯੂਰਪ ਆਪਣੇ ਅੰਦਰੂਨੀ ਅੰਤਰਵਿਰੋਧਾਂ ਨੂੰ ਦੂਰ ਕਰਕੇ ਗਲੋਬਲ ਪੱਧਰ ‘ਤੇ ਸੰਤੁਲਿਤ ਅਤੇ ਆਤਮ-ਨਿਰਭਰ ਰਣਨੀਤੀ ਅਪਣਾਉਂਦਾ ਹੈ, ਤਾਂ ਇਹ ਆਪਣੇ ਆਪ ਨੂੰ ਇੱਕ ਮਜ਼ਬੂਤ ਸੰਘ ਵਜੋਂ ਸਾਬਤ ਕਰ ਸਕਦੀ ਹੈ। ਆਪਣੇ ਰਾਜਨੀਤਕ ਅਤੇ ਆਰਥਿਕ ਹਿੱਤਾਂ ਦੀ ਰਾਖੀ ਕਰਦਿਆਂ, ਵਿਸ਼ਵ ਸ਼ਕਤੀਆਂ ਨੂੰ ਸਮਰਪਣ ਦੀ ਬਜਾਏ ਸਮਝਦਾਰੀ ਅਤੇ ਮਜ਼ਬੂਤੀ ਨਾਲ ਸੰਬੰਧ ਬਣਾਉਣੇ ਯੂਰਪ ਲਈ ਆਉਣ ਵਾਲੇ ਸਮੇਂ ਵਿੱਚ ਇਕ ਮਜਬੂਤ ਤਾਕਤ ਬਣਨ ਦਾ ਮੌਕਾ ਹੋਵੇਗਾ। ਇੱਕ ਸਥਿਰ ਅਤੇ ਇੱਕਜੁੱਟ ਯੂਰਪ ਨਾ ਸਿਰਫ਼ ਆਪਣੀ ਰਾਖੀ ਕਰੇਗਾ, ਬਲਕਿ ਵਿਸ਼ਵ ਵਿੱਚ ਸ਼ਾਂਤੀ, ਤਕਨੀਕੀ ਨਵੀਨਤਾ, ਅਤੇ ਆਰਥਿਕ ਵਿਕਾਸ ਦੀ ਰਹਿਨੁਮਾਈ ਵੀ ਕਰ ਸਕਦਾ ਹੈ। ਪਰ, ਇਸ ਯਾਤਰਾ ਵਿੱਚ ਸਭ ਤੋਂ ਵੱਡੀ ਲੋੜ ਇਹ ਹੈ ਕਿ ਯੂਰਪੀ ਦੇਸ਼ ਆਪਣੀਆਂ ਵਿਅਕਤੀਗਤ ਰਾਜਨੀਤਕ ਲੋੜਾਂ ਨੂੰ ਪਾਸੇ ਰੱਖ ਕੇ ਸੰਘ ਦੇ ਹਿੱਤ ਵਿੱਚ ਇਕਜੁੱਟ ਹੋਣ। ਜੇਕਰ ਯੂਰਪ ਨੇ ਇੱਕ ਹੋਂਦ ਵਜੋਂ ਆਪਸੀ ਸਹਿਯੋਗ ਅਤੇ ਸਾਂਝੀ ਤਾਕਤ ਦੀ ਮਹੱਤਤਾ ਨੂੰ ਸਮਝਿਆ, ਤਾਂ ਇਹ ਸੰਘ ਵਿਕਾਸ ਦੀ ਇੱਕ ਨਵੀਂ ਦਿਸ਼ਾ ‘ਚ ਤਰੱਕੀ ਕਰ ਸਕਦਾ ਹੈ। ਪਰ, ਜੇਕਰ ਅੰਦਰੂਨੀ ਰਾਸ਼ਟਰਵਾਦ ਅਤੇ ਵਿਅਕਤੀਗਤ ਹਿੱਤ ਹਾਵੀ ਰਹੇ, ਤਾਂ ਨਾ ਸਿਰਫ਼ ਯੂਰਪੀ ਯੂਨੀਅਨ ਦੀ ਤਾਕਤ ਘਟੇਗੀ, ਬਲਕਿ ਦੁਨੀਆ ਇੱਕ ਵਾਰ ਫਿਰ ਰਾਸ਼ਟਰਵਾਦੀ ਨਜ਼ਰੀਏ ਵੱਲ ਵਾਪਸ ਮੁੜ ਸਕਦੀ ਹੈ, ਜਿਸਦਾ ਨਤੀਜਾ ਵਿਸ਼ਵ ਵਿੱਚ ਤਣਾਅ ਅਤੇ ਅਸਥਿਰਤਾ ਵਜੋਂ ਨਿਕਲ ਸਕਦਾ ਹੈ। ਇਸ ਲਈ, ਯੂਰਪ ਦੀ ਭਵਿੱਖ ਦੀ ਤਾਕਤ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਕੀ ਇਹ ਦੇਸ਼ ਇਕਜੁੱਟ ਰਹਿੰਦੇ ਹੋਏ ਸੰਘ ਦੀ ਇੱਕਤਾ ਨੂੰ ਪਹਿਲ ਦਿੰਦੇ ਹਨ ਜਾਂ ਫਿਰ ਵਿਅਕਤੀਗਤ ਰਾਸ਼ਟਰਵਾਦ ਦੇ ਰਾਹ ‘ਤੇ ਸੰਸਾਰਿਕ ਤਬਾਹੀ ਵੱਲ ਵਧਦੇ ਹਨ।
Bhagwant Mann
