Krishi Jagran ਪੰਜਾਬੀ

Krishi Jagran ਪੰਜਾਬੀ

Share

Contact information, map and directions, contact form, opening hours, services, ratings, photos, videos and announcements from Krishi Jagran ਪੰਜਾਬੀ, 60/9 3rd Floor Yusaf Sarai, Delhi.

KRISHI JAGRAN is the Largest Circulated Rural Family Magazine in India, in 12 Language - Eng, Hindi, Pun, Guj, Marathi, Kannada, Bangla, Telugu, Malayalam, Odia, Assamese, and Tamil. Krishijagran.com: 12 Portals in English, Hindi, Punjabi, Gujarati, Kannada, Telugu, Marathi, Malayalam, Tamil, Bengali, Asomiya, and Odia that provide online information on Agriculture, post-harvest management, livest

Photos from Krishi Jagran ਪੰਜਾਬੀ's post 11/06/2026

ਪੀ ਏ ਯੂ ਦੇ ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਕਮੇਟੀ ਰੂਮ ਵਿਖੇ ਪ੍ਰੋਸੈਸਿੰਗ ਅਤੇ ਭੋਜਨ ਇੰਜੀਨੀਅਰਿੰਗ ਵਿਭਾਗ ਨੇ ਸ਼੍ਰੀ ਮੁਨੀਸ਼ਵਰ ਵਾਸੂਦੇਵ ਨਾਲ ਵਿਚਾਰ ਚਰਚਾ ਸੈਸ਼ਨ ਆਯੋਜਿਤ ਕੀਤਾ। ਇਸ ਦੌਰਾਨ ਅਨਾਜ ਭੰਡਾਰਨ, ਝੋਨੇ ਦੀ ਪ੍ਰੋਸੈਸਿੰਗ ਅਤੇ ਸੁਕਾਉਣ ਤਕਨਾਲੋਜੀਆਂ ਬਾਰੇ ਵਿਚਾਰ ਕੀਤੀ ਗਈ।

ਸ਼੍ਰੀ ਮੁਨੀਸ਼ਵਰ ਵਾਸੂਦੇਵ ਵਢਾਈ ਉਪਰੰਤ ਫਸਲਾਂ ਦੀ ਸੰਭਾਲ ਬਾਰੇ ਉੱਘੇ ਤਕਨਾਲੋਜੀ ਮਾਹਰ ਹਨ ਜਿਨ੍ਹਾਂ ਕੋਲ ਅਨਾਜ ਸਟੋਰੇਜ, ਚੌਲਾਂ ਦੀ ਮਿੱਲਿੰਗ, ਥੋਕ ਹੈਂਡਲਿੰਗ ਸਿਸਟਮ, ਸਾਈਲੋ ਅਤੇ ਐਗਰੋ-ਇੰਡਸਟਰੀਅਲ ਪ੍ਰੋਜੈਕਟ ਪ੍ਰਬੰਧਨ ਵਿੱਚ 39 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਪੀ ਏ ਯੂ ਦੇ ਸਾਬਕਾ ਵਿਦਿਆਰਥੀ ਵੀ ਹਨ ਅਤੇ ਲੰਮਾ ਸਮਾਂ ਪ੍ਰਸਿੱਧ ਸੰਸਥਾਵਾਂ ਦਾ ਹਿੱਸਾ ਬਣੇ ਰਹੇ ਹਨ । ਵਰਤਮਾਨ ਵਿੱਚ ਲੋਟਸ ਹਾਰਵੈਸਟੇਕ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਹਨ। ਉਹ ਇਕ ਮਾਹਿਰ ਵਜੋਂ ਭਾਰਤ ਅਤੇ ਵਿਦੇਸ਼ਾਂ ਵਿੱਚ ਅਨਾਜ ਭੰਡਾਰਨ, ਭੋਜਨ ਪ੍ਰੋਸੈਸਿੰਗ, ਅਤੇ ਖੁਰਾਕ ਸੁਰੱਖਿਆ ਦੇ ਬੁਨਿਆਦੀ ਢਾਂਚੇ ਬਾਰੇ ਪ੍ਰੋਜੈਕਟਾਂ ਲਈ ਤਕਨੀਕੀ-ਵਪਾਰਕ ਸਲਾਹਕਾਰ ਹਨ।
ਇਹ ਗੱਲਬਾਤ ਵਾਢੀ ਤੋਂ ਬਾਅਦ ਅਨਾਜ ਭੰਡਾਰਨ ਅਤੇ ਚੌਲਾਂ ਦੀ ਗੁਣਵੱਤਾ ਵਧਾਉਣ 'ਤੇ ਕੇਂਦ੍ਰਿਤ ਸੀ। ਸ਼੍ਰੀ ਮੁਨੀਸ਼ਵਰ ਵਾਸੂਦੇਵ ਨੇ ਝੋਨੇ ਅਤੇ ਚੌਲਾਂ ਦੇ ਸੁਕਾਉਣ ਬਾਰੇ ਨਵੀਨ ਤਕਨਾਲੋਜੀਆਂ ਦੀ ਜਾਣਕਾਰੀ ਦਿੱਤੀ ਜਿਸ ਵਿੱਚ ਅਨਾਜ ਦੀ ਗੁਣਵੱਤਾ ਬਣਾਈ ਰੱਖਣ ਅਤੇ ਵਾਢੀ ਤੋਂ ਬਾਅਦ ਦੇ ਨੁਕਸਾਨ ਨੂੰ ਘਟਾਉਣ ਲਈ ਇਸਦੀ ਭੂਮਿਕਾ 'ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਨੇ ਵਿਗਿਆਨਕ ਅਨਾਜ ਭੰਡਾਰਨ ਅਤੇ ਨੁਕਸਾਨ ਦੀ ਰੋਕਥਾਮ ਲਈ ਗੋਦਾਮਾਂ ਅਤੇ ਸਾਈਲੋ ਦੇ ਫਾਇਦਿਆਂ ਬਾਰੇ ਵੀ ਚਰਚਾ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਖੇਤੀਬਾੜੀ ਇੰਜੀਨੀਅਰਿੰਗ ਵਿੱਚ ਡਿਜੀਟਲ ਤਕਨਾਲੋਜੀਆਂ ਦੀ ਵੱਧ ਰਹੀ ਭੂਮਿਕਾ ਨੂੰ ਵੀ ਉਜਾਗਰ ਕੀਤਾ।

ਇਹ ਸੈਸ਼ਨ ਵਧੀਕ ਨਿਰਦੇਸ਼ਕ ਖੋਜ (ਖੇਤੀਬਾੜੀ ਇੰਜੀਨੀਅਰਿੰਗ) ਡਾ. ਮਹੇਸ਼ ਕੁਮਾਰ, ਕਾਲਜ ਦੇ ਡੀਨ ਡਾ ਮਨਜੀਤ ਸਿੰਘ, ਵਿਭਾਗ ਦੇ ਮੁਖੀ ਡਾ. ਟੀ. ਸੀ. ਮਿੱਤਲ ਵੱਖ-ਵੱਖ ਵਿਭਾਗਾਂ ਦੇ ਮੁਖੀ, ਫੈਕਲਟੀ ਮੈਂਬਰ ਅਤੇ ਪੀਜੀ ਵਿਦਿਆਰਥੀ ਦੀ ਮੌਜੂਦਗੀ ਵਿੱਚ ਆਯੋਜਿਤ ਕੀਤਾ ਗਿਆ। ਡਾ. ਪ੍ਰੀਤਇੰਦਰ ਕੌਰ, ਨੇ ਮਾਹਿਰ ਵਿਦਵਾਨ ਨਾਲ ਸੰਖੇਪ ਜਾਣ-ਪਛਾਣ ਕਰਵਾਈ। ਡਾ. ਟੀ. ਸੀ. ਮਿੱਤਲ ਨੇ ਵਿਭਾਗ ਵਿੱਚ ਹੋ ਰਹੀਆਂ ਵੱਖ-ਵੱਖ ਖੋਜਾਂ ਅਤੇ ਪਸਾਰ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।
ਸੈਸ਼ਨ ਵਿਚ ਉਭਰੇ ਨੁਕਤਿਆਂ ਬਾਰੇ ਸਵਾਲ-ਜਵਾਬ ਦੌਰਾਨ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੇ ਚਰਚਾ ਕੀਤੀ। ਹਾਜ਼ਰੀਨ ਨੇ ਮਾਹਰ ਦੇ ਉਦਯੋਗਿਕ ਅਤੇ ਅਕਾਦਮਿਕ ਤਜਰਬੇ ਤੋਂ ਲਾਹਾ ਲਿਆ। ਅੰਤ ਵਿਚ ਮਹਿਮਾਨ ਮਾਹਿਰ ਨੇ ਪੀ ਏ ਯੂ ਐਗਰੋ ਪ੍ਰੋਸੈਸਿੰਗ ਕੰਪਲੈਕਸ ਦਾ ਦੌਰਾ ਕੀਤਾ।

Photos from Krishi Jagran ਪੰਜਾਬੀ's post 09/06/2026

ਕ੍ਰਿਸ਼ੀ ਵਿਗਿਆਨ ਕੇਂਦਰ, ਫਰੀਦਕੋਟ ਵਿਖੇ ਲੜਕੀਆਂ ਅਤੇ ਔਰਤਾਂ ਲਈ ਮਿਤੀ 1 ਜੂਨ 2026 ਤੋਂ 5 ਜੂਨ 2026ਤੱਕ 5 ਦਿਨਾਂ ਦਾ ‘ਕੱਪੜਿਆਂ ਦੀ ਪੇਂਟਿੰਗ- ਪਿੰ੍ਰਟਿੰਗ ਅਤੇ ਬੰਨਾਈ -ਰੰਗਾਈ’ ਸਿਖਲਾਈ ਕੋਰਸ ਡਾ. ਰਾਕੇਸ਼ ਕੁਮਾਰ, ਇੰਚਾਰਜ, ਕੇ ਵੀ ਕੇ, ਫ਼ਰੀਦਕੋਟ ਦੀ ਰਹਿਨੁਮਾਈ ਹੇਠ ਲਗਾਇਆ ਗਿਆ। ਇਸ ਵਿੱਚ ਕੋਟਕਪੂਰਾ, ਨਵਾਂ ਕਿਲ੍ਹਾ, ਨਾਨਾਕਸਰ ਬਸਤੀ ਅਤੇ ਫਰੀਦਕੋਟ ਤੋਂ 25 ਸਿਖਿਆਰਥੀਆਂ ਨੇ ਭਾਗ ਲਿਆ।

ਇਸ ਮੌਕੇ ਡਾ. ਰਾਕੇਸ਼ ਕੁਮਾਰ ਨੇ ਸਿਖਿਆਰਥੀਆਂ ਨੂੰ ਕੇ. ਵੀ. ਕੇ. ਫਰੀਦਕੋਟ ਵਿਖੇ ਲੱਗਣ ਵਾਲੇ ਸਿਖਲਾਈ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਸਿਖਲਾਈ ਨੂੰ ਆਰਥਿਕ ਪੱਧਰ ਤੇ ਅਪਨਾਉਣ ਲਈ ਪ੍ਰੇਰਿਤ ਕੀਤਾ। ਡਾ. ਕਰਮਜੀਤ ਕੌਰ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਕੱਪੜਿਆਂ ਦੀ ਪੇਂਟਿੰਗ- ਪਿੰ੍ਰਟਿੰਗ ਅਤੇ ਬੰਨਾਈ -ਰੰਗਾਈ ਤਕਨੀਕ ਨੂੰ ਕਿੱਤੇ ਵਜੋਂ ਅਪਨਾਉਣ ਸੰਬੰਧੀ ਲੋੜੀਂਦੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਹਨਾਂ ਨੇ ਰੰਗ ਚੱਕਰ, ਰੰਗਾਂ ਦੇ ਸ਼ੇਡ ਬਣਾਉਣੇ, ਕੱਪੜੇ ਦੀ ਚੋਣ ਅਤੇ ਵੱਖ-ਵੱਖ ਆਰਟੀਕਲ ਤਿਆਰ ਕਰਨ ਬਾਰੇ ਵਿਸਥਾਰ ਨਾਲ ਦੱਸਿਆ।

ਡਾ. ਕਰਮਜੀਤ ਕੌਰ ਅਤੇ ਮੈਡਮ ਨਵਦੀਪ ਕੌਰ ਸੰਧੂ (ਪ੍ਰੋਗਰਾਮ ਅਸਿਸਟੈਂਟ) ਨੇ ਕੱਪੜਿਆਂ ਦੀ ਪੇਂਟਿੰਗ- ਪਿੰ੍ਰਟਿੰਗ ਦੇ ਸਬੰਧ ਵਿੱਚ ਬਲਾੱਕ ਪਿੰ੍ਰਟਿੰਗ, ਸਕਰੀਨ ਪਿੰ੍ਰਟਿੰਗ, ਸਟੈੱਨਸਲ ਪ੍ਰਿੰਟਿੰਗ ਦੀ ਪ੍ਰੈਕਟੀਕਲ ਸਿਖਲਾਈ ਦਿੱਤੀ। ਇਸ ਤੋਂ ਇਲਾਵਾ ਕੱਪੜੇ ਨੂੰ ਵੱਖ-ਵੱਖ ਤਰੀਕਿਆਂ ਨਾਲ ਬੰਨਣ, ਅਲੱਗ-ਅਲੱਗ ਰੰਗਾਂ ਦੀ ਵਰਤੋਂ ਕਰਕੇ ਰੰਗਣ ਅਤੇ ਆਰਟੀਕਲ ਜਿਵੇਂ ਦੁਪੱਟੇ, ਕਮੀਜ਼, ਚਾਦਰਾਂ, ਮੇਜ਼ ਕਵਰ, ਆਦਿ ਬਣਾਉਣ ਸੰਬੰਧੀ ਹੱਥੀਂ ਕੰਮ ਕਰਨ ਦੇ ਸਿਧਾਂਤ ਅਨੁਸਾਰ ਸਿਖਲਾਈ ਦਿੱਤੀ।ਇਸ ਕਿੱਤੇ ਵਿੱਚ ਮੁਹਾਰਤ ਹਾਸਲ ਕਰਨ ਲਈ ਸਿਖਆਰਥੀਆਂ ਨੇ ਵੱਖ-ਵੱਖ ਡਿਜ਼ਾਇਨਾਂ ਦੇ ਆਰਟੀਕਲ ਤਿਆਰ ਕੀਤੇ। ਲੜਕੀਆਂ ਅਤੇ ਔਰਤਾਂ ਨੇ ਇਸ ਕੋਰਸ ਦੌਰਾਨ ਬਹੁਤ ਦਿਲਚਸਪੀ ਨਾਲ ਸਿਖਲਾਈ ਲਈ ਅਤੇ ਇਸ ਜਾਣਕਾਰੀ ਨੂੰ ਆਮਦਨ ਵਧਾਉਣ ਦਾ ਜ਼ਰੀਆ ਬਣਾਉਣ ਲਈ ਉਤਸ਼ਾਹ ਦਿਖਾਇਆ।

Photos from Krishi Jagran ਪੰਜਾਬੀ's post 09/06/2026

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਸ. ਕਰਨੈਲ ਸਿੰਘ, ਪਿੰਡ ਖੇੜੀ, ਜ਼ਿਲ੍ਹਾ ਸੰਗਰੂਰ ਦੇ ਖੇਤ ਵਿੱਚ ਤਰਬੂਜ਼ ਦੀ ਨਵੀਂ ਕਿਸਮ “ਪੰਜਾਬ ਮਿਠਾਸ” ਨੂੰ ਪ੍ਰੋਤਸ਼ਾਹਿਤ ਕਰਨ ਲਈ ਖੇਤ ਦਿਵਸ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ 50 ਤੋਂ ਵੱਧ ਕਿਸਾਨ ਵੀਰਾਂ ਅਤੇ ਬੀਬੀਆਂ ਨੇ ਭਾਗ ਲਿਆ।

ਡਾ. ਮਨਦੀਪ ਸਿੰਘ, ਇੰਚਾਰਜ, ਕੇ.ਵੀ.ਕੇ., ਸੰਗਰੂਰ ਦੀ ਰਹਿਨੁਮਾਈ ਹੇਠ ਮਨਾਏ ਗਏ ਇਸ ਖੇਤ ਦਿਵਸ ਦਾ ਮੁੱਖ ਮਕਸਦ ਫ਼ਸਲੀ-ਵਿਭਿੰਨਤਾ ਵਿੱਚ ਸਬਜ਼ੀਆਂ ਦੇ ਯੋਗਦਾਨ ਦੇ ਨਾਲ-ਨਾਲ ਸਬਜ਼ੀਆਂ ਦੀਆਂ ਨਵੀਆਂ ਕਿਸਮਾਂ ਅਤੇ ਉਤਪਾਦਨ ਦੇ ਨਵੇਂ ਢੰਗਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨਾ ਸੀ। ਖੇਤ ਦਿਵਸ ਦੌਰਾਨ ਡਾ. ਮਨਦੀਪ ਸਿੰਘ, ਇੰਚਾਰਜ, ਕੇ.ਵੀ.ਕੇ.,ਖੇੜੀ ਨੇ ਕਿਸਾਨਾਂ ਨੂੰ ਫ਼ਸਲੀ-ਵਿਭਿੰਨਤਾ ਵਿੱਚ ਸਬਜ਼ੀਆਂ ਦੇ ਯੋਗਦਾਨ ਬਾਰੇ ਜਾਗਰੂਕ ਕੀਤਾ। ਉਨ੍ਹਾਂ ਤਰਬੂਜ਼ ਦੀ ਨਵੀਂ ਕਿਸਮ “ਪੰਜਾਬ ਮਿਠਾਸ” ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਿਸਮ ਦਾ ਬੀਜ ਕਿਸਾਨ ਖੁਦ ਤਿਆਰ ਕਰ ਸਕਦੇ ਹਨ ਅਤੇ ਇਸ ਦਾ ਬੀਜ ਪ੍ਰਾਈਵੇਟ ਕੰਪਨੀਆਂ ਦੀਆਂ ਤਰਬੂਜ਼ ਦੀਆਂ ਕਿਸਮਾਂ ਨਾਲੋਂ ਸਸਤਾ ਪੈਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਬਾਗਬਾਨੀ ਦੇ ਪ੍ਰਸਾਰ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਬਾਗਬਾਨੀ ਫ਼ਸਲਾਂ ਵਿੱਚ ਖਾਦਾਂ ਦੀ ਸੰਤੁਲਿਤ ਵਰਤੋਂ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਸਬਜ਼ੀਆਂ ਦੀ ਪੈਦਾਵਾਰ ਅਤੇ ਗੁਣਵੱਤਾ ਵਧਾਉਣ ਉੱਤੇ ਵੀ ਜ਼ੋਰ ਦਿੱਤਾ।

ਡਾ. ਰਵਿੰਦਰ ਕੌਰ, ਸਹਿਯੋਗੀ ਪ੍ਰੋਫੈਸਰ (ਬਾਗਬਾਨੀ) ਨੇ ਇਸ ਕਿਸਮ ਦੀ ਕਾਸ਼ਤ ਬਾਰੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਦੱਸਿਆ ਕਿ ਇਹ ਕਿਸਮ ਫਰਵਰੀ ਦੇ ਦੂਸਰੇ ਪੰਦਰਵਾੜੇ ਵਿੱਚ ਬੀਜ ਕੇ 99 ਦਿਨਾਂ ਵਿੱਚ ਪਹਿਲੀ ਤੁੜਾਈ ਦਿੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਦੇ ਫ਼ਲ ਦਰਮਿਆਨੇ ਆਕਾਰ (3-3.5 ਕਿਲੋ) ਅਤੇ ਫਲ ਦਾ ਗੁੱਦਾ ਗੂੜਾ ਲਾਲ, ਘੱਟ ਬੀਜ ਵਾਲਾ (ਲੱਗਭਗ 300 ਬੀਜ ਪ੍ਰਤੀ ਫਲ) ਹੁੰਦਾ ਹੈ। ਇਹ ਕਿਸਮ ਸੁਆਦ, ਗੁਣਵੱਤਾ ਅਤੇ ਮਿਠਾਸ ਵਰਗੇ ਗੁਣਾਂ ਨਾਲ ਭਰਪੂਰ ਹੈ ਅਤੇ ਫਲ ਦੀ ਮੋਟੀ ਛਿੱਲ ਹੋਣ ਕਰਕੇ ਦੂਰ ਦੀਆਂ ਮੰਡੀਆਂ ਵਿੱਚ ਅਸਾਨੀ ਨਾਲ ਭੇਜਿਆ ਜਾ ਸਕਦਾ ਹੈ। ਇਸ ਦਾ ਔਸਤ ਝਾੜ ਲੱਗਭਗ 179 ਕੁਇੰਟਲ ਪ੍ਰਤੀ ਏਕੜ ਹੈ।

ਡਾ. ਵਿਤਾਸਤਾ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਕਿਸਾਨਾਂ ਨੂੰ ਤਰਬੂਜ਼ ਦੇ ਫਲ ਦੇ ਖੁਰਾਕੀ ਤੱਤ ਅਤੇ ਇਸ ਤੋਂ ਤਿਆਰ ਕੀਤੇ ਜਾਣ ਵਾਲੇ ਪਦਾਰਥਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਪ੍ਰਸ਼ਨ-ਕਾਲ ਦੌਰਾਨ ਕਿਸਾਨਾਂ ਨੇ ਮਾਹਿਰਾਂ ਤੋਂ ਕਈ ਤਰ੍ਹਾਂ ਦੇ ਸੁਆਲ ਪੁੱਛੇ। ਜਿਨ੍ਹਾਂ ਦੇ ਵਿਗਿਆਨਕ ਤਰੀਕੇ ਨਾਲ ਤਸੱਲੀਬਖਸ਼ ਜਵਾਬ ਦਿੱਤੇ ਗਏ। ਅੰਤ ਵਿੱਚ ਕਿਸਾਨਾਂ ਨੂੰ ਤਰਬੂਜ਼ ਦੀ ਨਵੀ ਕਿਸਮ “ਪੰਜਾਬ ਮਿਠਾਸ” ਦੇ ਖੇਤ ਦਾ ਦੌਰਾ ਕਰਵਾਇਆ ਗਿਆ। ਜਿੱਥੇ ਉਨ੍ਹਾਂ ਨੇ ਇਸ ਕਿਸਮ ਦੀਆਂ ਵਿਸ਼ੇਸ਼ਤਾਵਾਂ ਬਾਰੇ ਖੁੱਲ ਕੇ ਵਿਚਾਰ-ਚਰਚਾ ਕੀਤੀ ਅਤੇ ਇਸ ਦਾ ਸਵਾਦ ਚੱਖਿਆ।

Photos from Krishi Jagran ਪੰਜਾਬੀ's post 09/06/2026

ਪੀ.ਏ.ਯੂ. ਅਤੇ ਭਾਰਤੀ ਮੌਸਮ ਵਿਗਿਆਨ ਵਿਭਾਗ ਵਿਚਕਾਰ ਇਕ ਸਮਝੌਤੇ ਉੱਪਰ ਸਹੀ ਪਾਈ ਗਈ| ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਅਤੇ ਭਾਰਤੀ ਮੌਸਮ ਵਿਗਿਆਨ ਵਿਭਾਗ ਚੰਡੀਗੜ ਦੇ ਨਿਰਦੇਸ਼ਕ ਡਾ. ਸੁਰਿੰਦਰ ਪੌਲ ਨੇ ਸਮਝੌਤੇ ਉੱਪਰ ਦਸਤਖਤ ਕੀਤੇ| ਪੀ.ਏ.ਯੂ. ਦੇ ਉੱਚ ਅਧਿਕਾਰੀ ਜਿਨ੍ਹਾਂ ਵਿਚ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਆਈ ਏ ਐੱਸ ਅਤੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਇਸ ਮੌਕੇ ਮੌਜੂਦ ਰਹੇ| ਡਾ. ਸਤਿਬੀਰ ਸਿੰਘ ਗੋਸਲ ਨੇ ਅੰਮ੍ਰਿਤਸਰ ਵਿਖੇ ਡੌਪਲਰ ਮੌਸਮ ਰਾਡਾਰ ਸਥਾਪਿਤ ਕਰਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਮੌਸਮ ਸੰਬੰਧੀ ਅਗਾਊਂ ਸੂਚਨਾ ਪ੍ਰਣਾਲੀ ਵਿਕਸਿਤ ਹੋਵੇਗੀ| ਉੱਤਰ ਪੱਛਮ ਭਾਰਤ ਵਿਚ ਸਟੀਕ ਮੌਸਮੀ ਭਵਿੱਖਬਾਣੀ ਸੰਬੰਧੀ ਅੰਕੜੇ ਇਕੱਤਰ ਕਰਕੇ ਉਹਨਾਂ ਨੂੰ ਜ਼ਮੀਨੀ ਪੱਧਰ ਦੀਆਂ ਸਥਿਤੀਆਂ ਨਾਲ ਮੇਲ ਕੇ ਰਾਜ ਵਿਚ ਮੌਸਮ ਵਿਗਿਆਨ ਦੇ ਨੈੱਟਵਰਕ ਦਾ ਵਿਸਥਾਰ ਸੰਭਵ ਹੋ ਸਕੇਗਾ| ਡਾ. ਗੋਸਲ ਨੇ ਏ ਆਈ ਵਿਧੀਆਂ ਦੀ ਸਹਾਇਤਾ ਨਾਲ ਖੇਤੀ ਵਿਚ ਅਗਾਊਂ ਮੌਸਮੀ ਭਵਿੱਖਬਾਣੀ ਤੰਤਰ ਦੀ ਸਥਾਪਤੀ ਉੱਪਰ ਜ਼ੋਰ ਦਿੱਤਾ| ਉਹਨਾਂ ਕਿਹਾ ਕਿ ਫਸਲਾਂ ਦੇ ਬਿਹਤਰ ਉਤਪਾਦਨ ਅਤੇ ਵੱਧ ਝਾੜ ਲਈ ਮੌਸਮ ਸੰਬੰਧੀ ਸਹੀ-ਸਹੀ ਜਾਣਕਾਰੀ ਅੱਜ ਦੇ ਸਮੇਂ ਦੀ ਪ੍ਰਮੁੱਖ ਜ਼ਰੂਰਤ ਹੈ|

ਇਸ ਮੌਕੇ ਗੱਲ ਕਰਦਿਆਂ ਭਾਰਤੀ ਮੌਸਮ ਵਿਗਿਆਨ ਵਿਭਾਗ, ਚੰਡੀਗੜ ਦੇ ਨਿਰਦੇਸ਼ਕ ਡਾ. ਸੁਰਿੰਦਰ ਪੌਲ ਨੇ ਕਿਹਾ ਕਿ ਇਹ ਰਾਡਾਰ ਮਿਸ਼ਨ ਮੌਸਮ ਸਕੀਮ ਤਹਿਤ ਭਾਰਤ ਸਰਕਾਰ ਦੀ ਯੋਜਨਾਬੰਦੀ ਦਾ ਹਿੱਸਾ ਹੈ| ਉਹਨਾਂ ਦੱਸਿਆ ਕਿ ਸੀ ਬੈਂਡ ਡੌਪਲਰ ਮੌਸਮੀ ਰਾਡਾਰ ਕ੍ਰਿਸ਼ੀ ਵਿਗਿਆਨ ਕੇਂਦਰ ਨਾਗਕਲਾਂ, ਅੰਮ੍ਰਿਤਸਾਰ ਵਿਚ ਸਥਾਪਿਤ ਕੀਤ ਜਾ ਰਿਹਾ ਹੈ| ਇਹ ਡੌਪਲਰ ਰਾਡਾਰ 250-300 ਕਿਲੋਮੀਟਰ ਦੇ ਘੇਰੇ ਵਿਚ ਮੌਸਮ ਦੀ ਸਹੀ ਜਾਣਕਾਰੀ ਮੁਹੱਈਆ ਕਰਾਉਣ ਦਾ ਕੰਮ ਕਰੇਗਾ| ਇਸ ਨਾਲ ਖੇਤੀ ਸੰਬੰਧੀ ਕਾਰਜਾਂ ਲਈ ਅਗਾਊਂ ਮੌਸਮੀ ਜਾਕਣਾਰੀ ਵਿਚ ਵਾਧਾ ਹੋਣ ਦੀ ਸੰਭਾਵਨਾ ਹੈ| ਵਿਸ਼ੇਸ਼ ਤੌਰ ਤੇ ਪੰਜਾਬ ਖੇਤਰ ਵਿਚ ਇਸ ਨਾਲ ਮੌਸਮ ਸੰਬੰਧੀ ਜਾਣਕਾਰੀ ਦੇ ਅੰਕੜੇ ਇਕੱਤਰ ਕਰਨ ਵਿਚ ਸਹਿਯੋਗ ਮਿਲੇਗਾ|

ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਇਸ ਬਾਰੇ ਗੱਲ ਕਰਦਿਆਂ ਕਿਹਾ ਕਿ 7 ਕ੍ਰਿਸ਼ੀ ਵਿਗਿਆਨ ਕੇਂਦਰਾਂ ਜਿਵੇਂ ਅੰਮ੍ਰਿਤਸਰ, ਪਠਾਨਕੋਟ, ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ, ਸੰਗਰੂਰ, ਮਾਨਸਾ ਅਤੇ ਮੁਕਤਸਰ ਅਤੇ ਦੋ ਖੋਜ ਕੇਂਦਰਾਂ ਅਬੋਹਰ ਅਤੇ ਕਪੂਰਥਲਾ ਵਿਚ ਜ਼ਮੀਨੀ ਪੱਧਰ ਦੀ ਮੌਸਮੀ ਜਾਣਕਾਰੀ ਦੇਣ ਲਈ ਪ੍ਰੋਜੈਕਟ ਦੋ ਤਹਿਤ 9 ਯੰਤਰ ਸਥਾਪਿਤ ਕੀਤੇ ਗਏ ਹਨ| ਇਹਨਾਂ ਯੰਤਰਾਂ ਦੀ ਸਹਾਇਤਾ ਨਾਲ ਨਾ ਸਿਰਫ ਪੰਜਾਬ ਵਿਚ ਮੌਸਮ ਸੰਬੰਧੀ ਜਾਣਕਾਰੀ ਮਜ਼ਬੂਤ ਹੋਵੇਗੀ ਬਲਕਿ ਮੌਸਮ ਬਾਰੇ ਚੇਤਾਵਨੀ ਵੀ ਪਹਿਲਾਂ ਹੀ ਦਿੱਤੀ ਜਾ ਸਕੇਗੀ|

ਪੀ.ਏ.ਯੂ. ਦੇ ਖੇਤੀ ਮੌਸਮ ਵਿਗਿਆਨ ਵਿਭਾਗ ਦੇ ਮੁਖੀ ਡਾ. ਪਵਨੀਤ ਕੌਰ ਕਿੰਗਰਾ ਨੇ ਰਸਮੀ ਧੰਨਵਾਦ ਕਰਦਿਆਂ ਪੀ.ਏ.ਯੂ. ਅਤੇ ਭਾਰਤੀ ਮੌਸਮ ਵਿਗਿਆਨ ਵਿਭਾਗ ਵਿਚਕਾਰ ਸਾਂਝੇ ਪ੍ਰੋਜੈਕਟ ਬਾਰੇ ਚਾਨਣਾ ਪਾਇਆ| ਇਸਦੇ ਨਾਲ ਹੀ ਉਹਨਾਂ ਨੇ ਸਥਾਪਿਤ ਕੀਤੇ ਜਾ ਰਹੇ ਡੌਪਲਰ ਮੌਸਮੀ ਰਾਡਾਰ ਦੀ ਕਾਰਜ ਪ੍ਰਣਾਲੀ ਬਾਰੇ ਵੀ ਜਾਣਕਾਰੀ ਦਿੱਤੀ| ਵਿਸ਼ਾਲ ਬੈਕਟਰ ਨੇ ਇਸ ਸਮਾਗਮ ਦਾ ਸੰਚਾਲਨ ਕੀਤਾ| ਮੌਸਮ ਵਿਗਿਆਨੀ ਡਾ. ਪ੍ਰਭਜਯੋਤ ਕੌਰ ਸਿੱਧੂ ਨੇ ਅੰਤ ਵਿਚ ਸਭ ਦਾ ਧੰਨਵਾਦ ਕੀਤਾ|

Photos from Krishi Jagran ਪੰਜਾਬੀ's post 09/06/2026

ਫ਼ਾਰਮ ਸਲਾਹਕਾਰ ਸੇਵਾ ਕੇਂਦਰ ਗੁਰਦਾਸਪੁਰ ਵੱਲੋਂ ਲੀਚੀ ਦਾ ਸਰਵੇਖਣ ਦੀਨਾਨਗਰ ਬਲਾਕ ਦੇ ਮਰਾੜਾ, ਬਰਿਆਰ, ਖੋਜੇਪੁਰ, ਮਹਿੰਦੀਪੁਰ ਵਿੱਚ ਕੀਤਾ ਗਿਆ। ਇਸ ਸਰਵੇਖਣ ਵਿੱਚ ਦੇਖਿਆ ਗਿਆ ਕਿ ਤਾਪਮਾਨ ਵੱਧ ਅਤੇ ਮੌਸਮੀ ਵਿਗਾੜ ਕਾਰਨ ਲੀਚੀ ਦੀ ਕਿਸਮ ਦੇਹਰਾਦੂਨ ਵਿੱਚ ਲੀਚੀ ਫਟਨਾ/ਫਲ ਦਾ ਸਾੜਾ ਦੀ ਸਮੱਸਿਆ ਦੇਖਣ ਨੂੰ ਮਿਲੀ। ਇਸ ਦੇ ਨਾਲ ਇਹ ਵੀ ਦੇਖਿਆ ਗਿਆ ਕਿ ਕਿਸਾਨ ਵੀਰ ਦੁਪਹਿਰ ਵਾਲੇ ਲੀਚੀ ਨੂੰ ਪਾਣੀ ਲਗਾ ਰਹੇ ਸਨ ਜਿਸ ਕਾਰਨ ਜਿਆਦਾ ਤਾਪਮਾਨ ਹੋਣ ਕਾਰਨ ਕੁਛ ਬੂਟੇ ਕਮਲਾ ਰਹੇ ਸਨ।ਇਸ ਸਮੇਂ ਦੌਰਾਨ ਮਾਹਿਰਾਂ ਨੇ ਕਿਸਾਨ ਵੀਰਾਂ ਨੂੰ ਵੱਤਰ ਵਾਲਾ ਪਾਣੀ (ਸਵੇਰੇ ਜਾਂ ਦੁਪਹਿਰ ਬਾਅਦ) ਲਾਉਣ ਲਈ ਅਪੀਲ ਕੀਤੀ ਅਤੇ ਸਮੇਂ-ਸਮੇਂ ਸਿਰ ਲੀਚੀ ਦੀ ਸੁੰਡੀ ( Litchi Nut borer) ਦਾ ਧਿਆਨ ਰੱਖਣ ਲਈ ਕਿਹਾ ਤਾਂ ਜੋ ਕਿਸਾਨ ਵੀਰ ਵਧੀਆ ਝਾੜ ਲੈ ਸਕਣ। ਇਸ ਸਮੇਂ ਦੌਰਾਨ ਕਿਸਾਨ ਵੀਰਾਂ ਨੂੰ ਲੀਚੀ ਦੇ ਡੱਬਿਆਂ ਤੇ ਸਬਸਿਡੀ ਬਾਰੇ ਦੱਸਿਆ ਅਤੇ ਫਾਰਮ ਭਰਵਾਏ ਗਏ ਤਾਂ ਜੋ ਕਿਸਾਨ ਵੀਰ ਲੀਚੀ ਦਾ ਵਧੀਆ ਮੰਡੀਕਰਨ ਕਰ ਸਕਣ ਅਤੇ ਵੱਧ ਮੁਨਾਫ਼ਾ ਲੈ ਸਕਣ।

09/06/2026

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਦੀ ਐਨ.ਐਸ.ਐਸ. ਇਕਾਈ ਵੱਲੋਂ 2 ਤੋਂ 8 ਜੂਨ 2026 ਤੱਕ ਸੱਤ ਰੋਜ਼ਾ ਵਿਸ਼ੇਸ਼ ਕੈਂਪ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਕੈਂਪ ਦੀ ਸ਼ੁਰੂਆਤ ਵਲੰਟੀਅਰਾਂ ਨੂੰ ਕੈਂਪ ਬਾਰੇ ਜਾਣਕਾਰੀ ਦੇਣ ਅਤੇ ਗਰੁੱਪਾਂ ਦੀ ਵੰਡ ਨਾਲ ਕੀਤੀ ਗਈ। ਇਸ ਦੌਰਾਨ ਕੈਂਪਸ ਦੀ ਸੁੰਦਰਤਾ ਅਤੇ ਸਫ਼ਾਈ ਦੀਆਂ ਗਤੀਵਿਧੀਆਂ ਲਗਾਤਾਰ ਚਲਾਈਆਂ ਗਈਆਂ। ਵਿਸ਼ਵ ਵਾਤਾਵਰਣ ਦਿਵਸ ਦੇ ਸਬੰਧ ਵਿੱਚ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਵਾਤਾਵਰਣ ਸੁਰੱਖਿਆ ਸੰਬੰਧੀ ਆਪਣੇ ਵਿਚਾਰ ਰਚਨਾਤਮਕ ਢੰਗ ਨਾਲ ਪੇਸ਼ ਕੀਤੇ। ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਠੰਢੇ ਮਿੱਠੇ ਪਾਣੀ ਦੀ ਛਬੀਲ ਵੀ ਲਗਾਈ ਗਈ। 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਮਨਾਉਂਦੇ ਹੋਏ ਵਲੰਟੀਅਰਾਂ ਨੇ ਪੌਦੇ ਲਗਾਏ ਅਤੇ ਵਾਤਾਵਰਣ ਸੰਭਾਲ ਦਾ ਸੰਦੇਸ਼ ਦਿੱਤਾ। 6 ਜੂਨ ਨੂੰ ਵਲੰਟੀਅਰਾਂ ਦੇ ਗਰੁੱਪਾਂ ਨੇ ਨਜ਼ਦੀਕੀ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਵਾਤਾਵਰਣ ਸੁਰੱਖਿਆ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਪ੍ਰਤੀ ਜਾਗਰੂਕ ਕੀਤਾ। 7 ਜੂਨ ਨੂੰ “ਵਾਤਾਵਰਣ ਬਚਾਓ, ਭਵਿੱਖ ਬਚਾਓ” ਵਿਸ਼ੇ ਹੇਠ ਜਾਗਰੂਕਤਾ ਰੈਲੀ ਕੱਢੀ ਗਈ। ਕੈਂਪ ਦੇ ਅੰਤਿਮ ਦਿਨ ਸਮਾਪਤੀ ਸਮਾਰੋਹ ਅਤੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਗਤੀਵਿਧੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਲੰਟੀਅਰਾਂ ਨੂੰ ਸਨਮਾਨਿਤ ਕੀਤਾ ਗਿਆ।

ਕਾਲਜ ਦੇ ਡੀਨ ਡਾ. ਮਨਮੋਹਨਜੀਤ ਸਿੰਘ ਨੇ ਕਿਹਾ ਕਿ ਐਨ.ਐਸ.ਐਸ. ਕੈਂਪ ਵਿਦਿਆਰਥੀਆਂ ਵਿੱਚ ਸਮਾਜਿਕ ਜ਼ਿੰਮੇਵਾਰੀ, ਲੀਡਰਸ਼ਿਪ ਅਤੇ ਸੇਵਾ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਅਕਾਦਮਿਕ ਕੋਆਰਡੀਨੇਟਰ ਅਤੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਵਿਜੈ ਕੁਮਾਰ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। ਪ੍ਰੋਗਰਾਮ ਕੋਆਰਡੀਨੇਟਰ ਡਾ. ਸਰਵਣ ਕੁਮਾਰ ਨੇ ਵਲੰਟੀਅਰਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਮਾਜ ਸੇਵਾ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਡਾ. ਮਨਜੀਤ ਕੌਰ ਨੇ ਕਿਹਾ ਕਿ ਵਾਤਾਵਰਣ ਸੁਰੱਖਿਆ ਅਤੇ ਸਮਾਜਿਕ ਜਾਗਰੂਕਤਾ ਲਈ ਨੌਜਵਾਨਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਅਤੇ ਐਨ.ਐਸ.ਐਸ. ਇਸ ਦਿਸ਼ਾ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ।

Photos from Krishi Jagran ਪੰਜਾਬੀ's post 09/06/2026

ਪੀ.ਏ.ਯੂ-ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ), ਰੋਪੜ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ “ਖੇਤ ਬਚਾਓ ਅਭਿਆਨ” ਤਹਿਤ ਮਿਤੀ 5.6.2026 ਨੂੰ ਪਿੰਡ ਗੰਭੀਰਪੁਰ ਬਲਾਕ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਫਸਲਾਂ ਵਿੱਚ ਖਾਦਾਂ ਦੀ ਸੰਤੁਲਿਤ ਵਰਤੋਂ ਸਬੰਧੀ ਕਿਸਾਨ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਨਿਰਦੇਸ਼ਕ ਪਸਾਰ ਸਿੱਖਿਆ,ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.), ਲੁਧਿਆਣਾ, ਆਈ.ਸੀ.ਏ.ਆਰ.-ਅਟਾਰੀ, ਜ਼ੋਨ-1 ਅਤੇ ਡਾ. ਸਤਬੀਰ ਸਿੰਘ, ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ), ਕੇ.ਵੀ.ਕੇ ਰੋਪੜ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਡਾ. ਜਗਮਨਜੋਤ ਸਿੰਘ ਮਾਨ, ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ), ਨੇ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਹੇਠ ਸਾਉਣੀ ਦੀ ਮੱਕੀ ਹੇਠ ਰਕਬਾ ਵਧਾਉਣ ਦੀ ਸਲਾਹ ਦਿੱਤੀ। ਇਸ ਤੋਂ ਇਲਾਵਾ ਮੱਕੀ ਦੇ ਨਵੇਂ ਹਾਈਬ੍ਰਿਡ ਪੀ. ਐਮ. ਐਚ. 17 ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਓਹਨਾਂ ਨੇ ਕਿਸਾਨਾਂ ਨੂੰ ਕੰਢੀ ਇਲਾਕੇ ਲਈ ਢੁੱਕਵੀਂ ਕਿਸਮ ਜੇ. ਸੀ. 12 ਲਗਾਉਣ ਲਈ ਪ੍ਰੇਰਿਤ ਕੀਤਾ। ਕਿਸਾਨ ਵੀਰਾਂ ਨੂੰ ਦੱਸਿਆ ਗਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਉਣੀ ਦੀ ਮੱਕੀ ਹੇਠ ਰਕਬਾ ਵਧਾਉਣ ਲਈ 17,500/- ਰੁਪਏ ਪ੍ਰਤੀ ਹੈਕਟੇਅਰ ਸਬਸਿਡੀ ਵੀ ਦਿੱਤੀ ਜਾ ਰਹੀ ਹੈ।

ਡਾ. ਉਰਵੀ ਸ਼ਰਮਾ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ), ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਮੱਕੀ ਦੀ ਫ਼ਸਲ ਨੂੰ ਫਾਲ ਆਰਮੀਵਰਮ ਕੀੜ੍ਹੇ ਤੋਂ ਬਚਾਉਣ ਲਈ ਖੇਤ ਦੀ ਨਿਯਮਤ ਨਿਗਰਾਨੀ ਕਰੋ। ਜੇਕਰ ਕੀੜ੍ਹੇ ਦਾ ਹਮਲਾ ਨਜ਼ਰ ਆਵੇ ਤਾਂ ਸਿਫ਼ਾਰਸ਼ ਅਨੁਸਾਰ ਕੋਰਾਜਨ 18.5 ਐਸ.ਸੀ. (ਕਲੋਰਐਂਟਰਾਨਿਲੀਪਰੋਲ) 0.4 ਮਿਲੀਲਿਟਰ ਜਾਂ ਡੈਲੀਗੇਟ 11.7 ਐਸ.ਸੀ. (ਸਪਾਈਨਟੋਰਮ) 0.5 ਮਿਲੀਲਿਟਰ ਜਾਂ ਮਿਜ਼ਾਈਲ 5 ਐਸ.ਜੀ. (ਐਮਾਮੈਕਟਿਨ ਬੈਂਜ਼ੋਏਟ) 0.4 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ। ਕਿਸਾਨ ਵੀਰਾਂ ਨੂੰ ਦੱਸਿਆ ਗਿਆ ਕਿ ਉਹ ਝੋਨੇ ਦੀ ਪਨੀਰੀ ਵਿੱਚ ਵ੍ਹਾਈਟ-ਬੈਕਡ ਪਲਾਂਟ ਹੌਪਰ (WBPH) ਦੀ ਨਿਯਮਿਤ ਨਿਗਰਾਨੀ ਕਰਨ ਅਤੇ ਲੋੜ ਪੈਣ ’ਤੇ ਸਮੇਂ ਸਿਰ ਸਿਫਾਰਸ਼ ਕੀਤੇ ਕੀਟਨਾਸ਼ਕ ਜਿਵੇਂ ਕਿ 94 mL ਪੈਕਸਾਲੋਨ 10 ਐਸ ਸੀ (ਟਰਾਈਫਲੂਮੀਜ਼ੋਪਾਇਰਮ) ਜਾਂ 60 ਗ੍ਰਾਮ ਉਲਾਲਾ 50 ਡਬਲਯੂ ਜੀ (ਫਲੋਨਿਕਾਮਿਡ) ਜਾਂ 80 ਗ੍ਰਾਮ ਓਸ਼ੀਨ/ਟੋਕਨ/ਡੋਮਿਨੇਂਟ 20 ਐਸ ਜੀ (ਡਾਇਨੋਟੈਫੂਰਾਨ) ਜਾਂ 120 ਗ੍ਰਾਮ ਚੈੱਸ 50 ਡਬਲਯੂ ਜੀ (ਪਾਈਮੈਟਰੋਜ਼ਿਨ) ਵਿੱਚੋਂ ਕਿਸੇ ਇੱਕ ਨੂੰ 100 ਲੀਟਰ ਪਾਣੀ ਪ੍ਰਤੀ ਏਕੜ ਵਿੱਚ ਘੋਲ ਕੇ ਛਿੜਕਾਅ ਕਰਨ। ਡਾ. ਸੰਜੀਵ ਅਹੂਜਾ, ਪ੍ਰੋਫੈਸਰ (ਸਬਜ਼ੀ ਵਿਗਿਆਨ), ਵੱਲੋਂ ਕਿਸਾਨਾਂ ਨੂੰ ਸਬਜ਼ੀ ਅਤੇ ਫ਼ਲਦਾਰ ਬੂਟਿਆਂ ਦੀ ਬਗੀਚੀ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ| ਓਹਨਾਂ ਨੇ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਸਬਜ਼ੀ ਅਤੇ ਫ਼ਲਦਾਰ ਬੂਟਿਆਂ ਹੇਠ ਰਕਬਾ ਵਧਾਉਣ ਦੀ ਸਲਾਹ ਦਿੱਤੀ| ਇਸ ਤੋਂ ਇਲਾਵਾ ਉਹਨਾਂ ਨੇ ਕਿਸਾਨ ਵੀਰਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਲਈ ਵੀ ਪ੍ਰੇਰਿਤ ਕੀਤਾ| ਪ੍ਰੋਗਰਾਮ ਦੇ ਅੰਤ ਵਿੱਚ ਕਿਸਾਨ ਵੀਰਾਂ ਦੇ ਖੇਤਾਂ ਵਿੱਚ ਜਾ ਕੇ ਸਮੱਸਿਆਂਵਾਂ ਦਾ ਮੋਕੇ ਤੇ ਹੱਲ ਕੀਤਾ ਗਿਆ।

09/06/2026

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵੱਲੋਂ ਡਾ. ਹਰਦੀਪ ਸਿੰਘ ਸਭਿਖੀ, ਡਿਪਟੀ ਡਾਇਰੈਕਟਰ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਦੇ ਯਤਨਾਂ ਸਦਕਾ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪਟਿਆਲਾ ਦੇ ਸਹਿਯੋਗ ਨਾਲ ਕੇ.ਵੀ.ਕੇ ਵਿਖੇ ਮਿਤੀ 05.06.2026 ਨੂੰ ਟਰੇਨਿੰਗ ਅਤੇ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਵਿਚਾਰ ਗੋਸ਼ਟੀ ਵਿਚ ਜ਼ਿਲ੍ਹਾ ਪਟਿਆਲਾ ਦੇ 50 ਤੋਂ ਵੱਧ ਖਾਦ ਅਤੇ ਕੀਟਨਾਸ਼ਕ ਵਿਕਰੇਤਾਵਾਂ ਨੇ ਭਾਗ ਲਿਆ। ਇਸ ਪ੍ਰੋਗਰਾਮ ਵਿਚ ਡਾ. ਦਾਰਾ ਸਿੰਘ, ਚੀਫ਼ ਖੇਤੀਬਾੜੀ ਅਫ਼ਸਰ, ਪਟਿਆਲਾ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕੱਤ ਕੀਤੀ ਅਤੇ ਮਿੱਟੀ ਦੀ ਸਿਹਤ ਦੇ ਨਾਲ-ਨਾਲ ਮਨੁੱਖੀ ਸਿਹਤ ਦੀ ਸੰਭਾਲ ਤੇ ਜ਼ੋਰ ਦਿੰਦਿਆਂ ਖਾਦਾਂ ਅਤੇ ਕੀਟਨਾਸ਼ਕਾਂ ਦੀ ਸੁਚੱਜੀ ਵਰਤੋਂ ਦਾ ਸੁਨੇਹਾ ਦਿੱਤਾ। ਡਾ. ਹਰਦੀਪ ਸਿੰਘ ਸਭਿਖੀ ਨੇ ਕਿਸਾਨਾਂ ਨੂੰ ਝੋਨੇ ਦੇ ਮਧਰੇ ਬੂਟਿਆਂ ਦੇ ਵਿਸ਼ਾਣੂ ਰੋਗ ਤੋਂ ਬਚਾਅ ਲਈ ਨਰਸਰੀ ਅਤੇ ਖੇਤ ਵਿੱਚ ਚਿੱਟੀ ਪਿੱਠ ਵਾਲੇ ਟਿੱਡੇ ਦੀ ਨਿਗਰਾਨੀ ਅਤੇ ਇਸ ਦੇ ਸਮੇਂ ਸਿਰ ਪ੍ਰਬੰਧਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਡਾ. ਗੁਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ, ਫ਼ਸਲ ਵਿਗਿਆਨ, ਕੇ.ਵੀ.ਕੇ. ਪਟਿਆਲਾ ਨੇ ਕਿਸਾਨਾਂ ਨੂੰ ਖੇਤੀ ਦੀ ਲਾਗਤ ਘਟਾਉਣ ਅਤੇ ਜ਼ਮੀਨ ਦੀ ਸਿਹਤ ਸੁਧਾਰਨ ਵਾਸਤੇ ਰੂੜੀ, ਫਸਲੀ ਰਹਿੰਦ-ਖੂਹੰਦ, ਜੀਵਾਣੂ ਖਾਦਾਂ ਅਤੇ ਹਰੀ ਖਾਦ ਦੀ ਵਰਤੋਂ ਲਾਜ਼ਮੀ ਤੌਰ ‘ਤੇ ਕਰਨ ਦੀ ਸਲਾਹ ਦਿੱਤੀ। ਡਾ. ਪਰਵੀਨ ਕੁਮਾਰ ਬਾਗੜੀਆ, ਵਿਗਿਆਨੀ (ਪੌਦਾ ਰੋਗ), ਭਾਰਤੀ ਮੱਕੀ ਖੋਜ ਕੇਂਦਰ, ਲੁਧਿਆਣਾ ਨੇ ਮੱਕੀ ਵਿਚ ਕੀੜੇ ਅਤੇ ਬੀਮਾਰੀਆਂ ਦੀ ਰੋਕਥਾਮ ਦੇ ਨਾਲ-ਨਾਲ ਮੱਕੀ ਦੇ ਬੀਜ ਉੱਤਪਾਦਨ ਸਬੰਧੀ ਜਾਣਕਾਰੀ ਦਿੱਤੀ। ਡਾ. ਅਮਨਪ੍ਰੀਤ ਸਿੰਘ, ਏ. ਡੀ.ਓ, ਐਨਫੋਰਸਮੈਂਟ ਨੇ ਖਾਦ ਵਿਕਰੇਤਾਵਾਂ ਨੂੰ ਯੂਰੀਆ ਦੀ ਸੁਚੱਜੀ ਵਿਕਰੀ ਅਤੇ ਪ੍ਰਬੰਧ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਦੇ ਅੰਤ ਵਿਚ ਖਾਦ ਵਿਕਰੇਤਾਵਾਂ ਨੇ ਸਾਰਿਆ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਡਾ. ਗੁਰਪ੍ਰੀਤ ਸਿੰਘ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ।

Photos from Krishi Jagran ਪੰਜਾਬੀ's post 09/06/2026

ਖੇਤ ਬਚਾਓ ਅਭਿਆਨ ਤਹਿਤ ਪੀ.ਏ.ਯੂ.-ਕੇ.ਵੀ.ਕੇ., ਸੰਗਰੂਰ ਵੱਲੋਂ ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਮਿੱਟੀ ਪਰਖ ਸਬੰਧੀ ਜਾਗਰੂਕਤਾ ਕੈਂਪਾਂ ਅਤੇ ਕਿਸਾਨ ਗੋਸ਼ਟੀਆਂ ਦਾ ਆਯੋਜਨ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ, ਪੀ.ਏ.ਯੂ., ਲੁਧਿਆਣਾ ਅਤੇ ਨਿਰਦੇਸ਼ਕ, ਆਈ.ਸੀ.ਏ.ਆਰ.-ਅਟਾਰੀ, ਜ਼ੋਨ-1, ਲੁਧਿਆਣਾ ਦੇ ਦਿਸ਼ਾ- ਨਿਰਦੇਸ਼ਾਂ ਅਧੀਨ ‘ਖੇਤ ਬਚਾਓ ਅਭਿਆਨ’ ਤਹਿਤ ਪਿੰਡਾਂ ਵਿੱਚ ਜਾਗਰੂਕਤਾ ਕੈਂਪਾਂ, ਕਿਸਾਨ ਗੋਸ਼ਟੀਆਂ ਅਤੇ ਨੁੱਕੜ ਮੀਟਿੰਗਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਅਭਿਆਨ ਬਾਰੇ ਜਾਣਕਾਰੀ ਦਿੰਦਿਆਂ ਡਾ. ਮਨਦੀਪ ਸਿੰਘ, ਇੰਚਾਰਜ, ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਦੱਸਿਆ ਕਿ ਇਸ ਅਭਿਆਨ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ ਸੰਗਰੂਰ ਦੀ ਟੀਮ ਵੱਲੋਂ 14 ਤੋਂ ਵੱਧ ਪਿੰਡਾਂ ਵਿੱਚ ਜਾ ਕੇ 1500 ਦੇ ਕਰੀਬ ਕਿਸਾਨਾਂ ਨੂੰ ਮਿੱਟੀ ਨੂੰ ਸਿਹਤਮੰਦ ਬਣਾਉਣ ਲਈ ਮਿੱਟੀ ਪਰਖ ਅਧਾਰਿਤ ਖਾਦਾਂ ਦੀ ਸੰਤੁਲਿਤ ਵਰਤੋਂ, ਹਰੀ ਖਾਦ, ਜੀਵਾਣੂੰ ਖਾਦਾਂ ਅਤੇ ਫ਼ਸਲੀ ਰਹਿੰਦ ਖੂਹੰਦ ਨੂੰ ਖੇਤ ਵਿੱਚ ਸਾਂਭਣ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਇਸੇ ਅਭਿਆਨ ਤਹਿਤ ਪਿੰਡ ਤੁੰਗਾਂ ਅਤੇ ਬਿਗੜਵਾਲ ਵਿਖੇ ਲਗਾਏ ਕੈਂਪਾਂ ਦੌਰਾਨ ਡਾ. ਰੁਕਿੰਦਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਨੇ ਕਿਸਾਨਾਂ ਨੂੰ ਫ਼ਸਲ ਵਿੱਚ ਮਿੱਟੀ ਪਰਖ ਰਿਪੋਰਟ ਅਨੁਸਾਰ ਹੀ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਅਤੇ ਲਘੂ ਤੱਤਾਂ ਦੀ ਵਰਤੋਂ ਕਰਨ ਲਈ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਜੇਕਰ ਪਿੱਛੇ ਬੀਜੀ ਕਣਕ ਦੀ ਫ਼ਸਲ ਨੂੰ ਡੀ ਏ ਪੀ ਖਾਦ ਦੀ ਸਿਫਾਰਿਸ਼ ਕੀਤੀ ਮਾਤਰਾ ਪਾਈ ਗਈ ਹੋਵੇ, ਤਾਂ ਉੱਥੇ ਸਾਉਣੀ ਵਿੱਚ ਝੋਨੇ ਅਤੇ ਬਾਸਮਤੀ ਨੂੰ ਫਾਸਫੋਰਸ ਵਾਲੀ ਖਾਦ ਪਾਉਣ ਦੀ ਲੋੜ ਨਹੀਂ ਹੁੰਦੀ। ਇਸ ਤੋਂ ਇਲਾਵਾ ਉਹਨਾਂ ਝੋਨੇ ਦੀ ਪਨੀਰੀ ਵਿੱਚ ਜ਼ਿੰਕ ਅਤੇ ਲੋਹਾ ਤੱਤ ਦੀ ਘਾਟ ਦੀ ਪਛਾਣ ਅਤੇ ਇਸ ਨੂੰ ਪੂਰਾ ਕਰਨ ਦੇ ਉਪਾਅ ਵੀ ਸਾਂਝੇ ਕੀਤੇ। ਉਹਨਾਂ ਕਿਸਾਨਾਂ ਨੂੰ ਝੋਨੇ ਵਿੱਚ ਸੁਚੱਜੇ ਨਦੀਨ ਪ੍ਰਬੰਧ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਡਾ. ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ (ਫਾਰਮ ਮਸ਼ੀਨਰੀ) ਨੇ ਕਿਸਾਨਾਂ ਨੂੰ ਜ਼ਮੀਨ ਨੂੰ ਸਿਹਤਮੰਦ ਬਣਾਉਣ ਲਈ ਫ਼ਸਲੀ ਰਹਿੰਦ ਖੂਹੰਦ ਨੂੰ ਖੇਤ ਵਿੱਚ ਹੀ ਮਿਲਾਉਣ ਲਈ ਜਾਗਰੂਕ ਕੀਤਾ। ਉਹਨਾਂ ਕਿਸਾਨਾਂ ਨੂੰ ਝੋਨੇ ਦੀ ਮਸ਼ੀਨੀ ਲੁਆਈ ਲਈ ਮੈਟ ਟਾਈਪ ਪਨੀਰੀ ਤਿਆਰ ਕਰਨ ਦੀ ਵਿਧੀ ਅਤੇ ਲੁਆਈ ਦੇ ਢੰਗ ਬਾਬਤ ਵੀ ਜਾਣਕਾਰੀ ਦਿੱਤੀ।
ਡਾ ਗੁਰਬੀਰ ਕੌਰ, ਸਹਾਇਕ ਪ੍ਰੋਫੈਸਰ (ਪੋਦ ਸੁਰੱਖਿਆ) ਨੇ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਦੇ ਬੀਜ ਦੀ ਸੋਧ ਅਤੇ ਝੋਨੇ ਦੀ ਪਨੀਰੀ ਅਤੇ ਫ਼ਸਲ ਵਿੱਚ ਮਧਰੇਪਨ ਦੇ ਰੋਗ ਦੀ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਬਾਸਮਤੀ ਵਿੱਚ ਝੰਡਾ ਰੋਗ ਦੀ ਰੋਕਥਾਮ ਲਈ ਬੀਜ ਦੇ ਨਾਲ ਨਾਲ ਪਨੀਰੀ ਦੀਆਂ ਜੜ੍ਹਾਂ ਦੀ ਸੋਧ 'ਤੇ ਵੀ ਜ਼ੋਰ ਦਿੱਤਾ। ਡਾ ਰਵਿੰਦਰ ਕੌਰ, ਸਹਿਯੋਗੀ ਪ੍ਰੋਫੈਸਰ (ਬਾਗਬਾਨੀ) ਨੇ ਬਾਗਬਾਨੀ ਫ਼ਸਲਾਂ ਵਿੱਚ ਸੰਤੁਲਿਤ ਖਾਦ ਪ੍ਰਬੰਧ ਅਤੇ ਘਰੇਲੂ ਸਬਜ਼ੀ ਬਗੀਚੀ ਲਗਾਉਣ ਬਾਰੇ ਜਾਣਕਾਰੀ ਦਿੱਤੀ। ਕੈਂਪ ਦੇ ਅਖੀਰ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਕਾਸ਼ਤ ਅਤੇ ਖਾਦਾਂ ਨਾਲ ਸੰਬੰਧਿਤ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ।

09/06/2026

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਅਤੇ ਆਈ ਸੀ ਏ ਆਰ, ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਹੇਠ 1-30 ਜੂਨ ਤੱਕ ਪੂਰੇ ਦੇਸ਼ ਵਿਚ ਚਲਾਈ ਜਾ ਰਹੀ "ਖੇਤ ਬਚਾਓ ਮੁਹਿੰਮ” ਤਹਿਤ ਮਿਤੀ 04 ਜੂਨ 2026 ਅਤੇ 05 ਜੂਨ 2026 ਨੂੰ ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ ਦੀ ਟੀਮ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਸ਼ਕੂਰ ਅਤੇ ਲੂੰਬੜੀਵਾਲਾ ਵਿਖੇ ਲੜੀਵਾਰ ਜਾਗਰੂਕਤਾ ਕੈਂਪ ਲਗਾਏ ਗਏ। ਡਾ ਗੁਰਮੇਲ ਸਿੰਘ ਸੰਧੂ, ਡਿਪਟੀ ਡਾਇਰੈਕਟਰ (ਸਿਖਲਾਈ) ਨੇ ਝੋਨੇ ਦੀ ਫ਼ਸਲ ਨੂੰ ਮੁੱਖ ਰੱਖਦਿਆਂ ਉਹਨਾਂ ਕਿਹਾ ਕਿ ਜਿਸ ਕਿਸਾਨ ਵੀਰ ਨੇ ਕਣਕ ਨੂੰ ਸਿਫ਼ਾਰਸ਼ ਕੀਤੀ ਫ਼ਾਸਫ਼ੋਰਸ ਦੀ ਖਾਦ ਪਾਈ ਹੋਵੇ ਤਾਂ ਝੋਨੇ ਨੂੰ ਫ਼ਾਸਫ਼ੋਰਸ ਖਾਦ ਪਾਉਣ ਦੀ ਲੋੜ ਨਹੀਂ। ਮਿੱਟੀ ਪਰਖ ਰਿਪੋਰਟ ਦੇ ਅਧਾਰ ਤੇ ਜੇਕਰ ਫਾਸਫੋਰਸ ਤੱਤ ਦੀ ਲੋੜ ਦੱਸੀ ਜਾਂਦੀ ਹੈ ਤਾਂ ਵੀ ਸਿਫਾਰਸ਼ ਅਨੁਸਾਰ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ। ਡਾ ਭੱਲਣ ਸਿੰਘ ਸੇਖੋਂ, ਸਹਾਇਕ ਪ੍ਰੋਫੈਸਰ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੌਸਮ ਵਿਚ ਆ ਰਹੀ ਤਬਦੀਲੀ ਨਾਲ ਨਜਿੱਠਣ ਲਈ ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਮੌਸਮ-ਅਧਾਰਿਤ, ਖੇਤਰ-ਵਿਸ਼ੇਸ਼ ਖੇਤੀ ਸਲਾਹਾਂ ਹਫ਼ਤੇਵਾਰ ਸੋਸ਼ਲ ਮੀਡੀਆ ਰਾਹੀਂ (ਵ੍ਹਟਸਐਪ ਰਾਹੀਂ) ਕਿਸਾਨਾਂ ਨਾਲ ਸੁਨੇਹੇ ਸਾਂਝੇ ਕੀਤੇ ਜਾਂਦੇ ਹਨ। ਇਸ ਨਾਲ ਫ਼ਸਲਾਂ ਦੀ ਵਿਓਂਤਬੰਦੀ ਸੁਚੱਜੇ ਢੰਗ ਨਾਲ ਕੀਤੀ ਜਾ ਸਕਦੀ ਹੈ।

ਸ ਦੀਪਕ ਕੁਮਾਰ (ਪ੍ਰੋਗਰਾਮ ਅਸਿਸਟੈਂਟ, ਲੈਬ ਟੈਕ) ਨੇ ਕਿਸਾਨਾਂ ਨੂੰ ਮਿੱਟੀ ਅਤੇ ਪਾਣੀ ਦੇ ਨਮੂਨੇ ਲੈਣ ਦੇ ਢੰਗ ਬਾਰੇ ਵਿਸਥਾਰਪੂਰਵਕ ਢੰਗ ਨਾਲ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਨਮੂਨਾ ਭਰਨ ਲਈ ਮਿੱਟੀ ਨੂੰ ਬਿਨਾਂ ਖੁਰਚੇ ਜ਼ਮੀਨ ਦੀ ਉਪਰਲੀ ਤਹਿ ਤੋਂ ਘਾਹ ਫੂਸ ਪਾਸੇ ਕਰ ਲੈਣਾ ਚਾਹੀਦਾ ਹੈ। ਉਸ ਤੋਂ ਬਾਅਦ ਕਹੀ ਜਾ ਖੁਰਪੀ ਦੀ ਮਦਦ ਨਾਲ ਅੰਗਰੇਜ਼ੀ ਦੇ ਅੱਖਰ 'V' ਦੀ ਸ਼ਕਲ ਦਾ 6 ਇੰਚ ਟੋਆ ਪੁੱਟ ਕੇ ਇਸ ਦੇ ਇੱਕ ਪਾਸਿਓਂ ਉੱਪਰ ਤੋਂ ਲੈ ਕੇ ਨੀਚੇ ਤੱਕ ਇੱਕਸਾਰ ਇੱਕ ਇੰਚ ਮੋਟੀ ਮਿੱਟੀ ਦੀ ਤਹਿ ਕੱਟ ਕੇ ਇਸ ਤਰ੍ਹਾਂ ਨਾਲ 7-8 ਜਗ੍ਹਾ ਤੋਂ ਹੋਰ ਮਿੱਟੀ ਦੇ ਨਮੂਨੇ ਭਰਨੇ ਚਾਹੀਦੇ ਹਨ। ਸਾਰੇ ਨਮੂਨਿਆਂ ਨੂੰ ਕਿਸੇ ਸਾਫ਼ ਬਰਤਨ ਜਾ ਕੱਪੜੇ ਵਿਚ ਪਾ ਕੇ ਚੰਗੀ ਤਰ੍ਹਾਂ ਮਿਲਾ ਕੇ ਇਸ ਵਿੱਚੋ ਅੱਧਾ ਕਿੱਲੋ ਮਿੱਟੀ ਲੈ ਕੇ ਕੱਪੜੇ ਦੀ ਥੈਲੀ ਵਿਚ ਪਾ ਚਾਹੀਦੀ ਹੈ। ਥੈਲੀ ਉੱਪਰ ਆਪਣੀ ਅਤੇ ਖੇਤ ਦੀ ਜਾਣਕਾਰੀ ਲਿਖ ਕੇ ਨਮੂਨੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਬਣੀ ਮਿੱਟੀ ਪਾਣੀ ਪਰਖ ਜਮ੍ਹਾਂ ਲੈਬ ਵਿਚ ਕਰਵਾ ਦਿਓ। ਟੈਸਟ ਉਪਰੰਤ ਰਿਪੋਰਟ ਹੱਥੀਂ ਜਾਂ ਫਿਰ ਵਟਸਐਪ ਦੇ ਮਾਧਿਅਮ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇਨ੍ਹਾਂ ਕੈਂਪਾਂ ਵਿਚ ਸ਼ਕੂਰ ਨੇੜਲੇ ਪਿੰਡ ਭਾਂਗਰ ਅਤੇ ਡੂਮਣੀਵਾਲਾ ਦੇ ਕਿਸਾਨਾਂ ਨੇ ਵੀ ਭਾਗ ਲਿਆ। ਕੈਂਪ ਵਿਚ ਸ਼ਾਮਲ ਕਿਸਾਨ ਵੀਰਾਂ ਸ ਮੇਜਰ ਸਿੰਘ ਲੂੰਬੜੀਵਾਲਾ, ਸ ਵੀਰ ਸਿੰਘ ਸ਼ਕੂਰ, ਸ ਮਨਦੀਪ ਸਿੰਘ ਲੂੰਬੜੀਵਾਲਾ, ਸ ਜਸਵੀਰ ਸਿੰਘ ਲੂੰਬੜੀਵਾਲਾ, ਸ ਸੰਤੋਖ ਸਿੰਘ ਡੂਮਣੀਵਾਲਾ ਅਤੇ ਸ ਭੋਲਾ ਸਿੰਘ ਭਾਂਗਰ ਨੇ ਮਿੱਟੀ ਪਰਖ ਦੇ ਅਧਾਰ ਤੇ ਖਾਦਾਂ ਦੀ ਸੁਚੱਜੀ ਵਰਤੋਂ ਕਰਨ ਅਤੇ ਝੋਨੇ ਵਿਚ ਫਾਸਫੋਰਸ ਤੱਤ ਦੀ ਵਰਤੋਂ ਤੋਂ ਗੁਰੇਜ਼ ਕਰਨ ਲਈ ਹਾਮੀ ਭਰੀ।

Want your business to be the top-listed Government Service in Delhi?

Click here to claim your Sponsored Listing.

Location

Telephone

Address


60/9 3rd Floor Yusaf Sarai
Delhi
110016