03/11/2026
ਭੁਲੱਥ-ਕਰਤਾਰਪੁਰ ਸੜਕ ’ਤੇ ਝੁਕੇ ਤੇ ਸੁੱਕੇ ਰੁੱਖ ਬਣੇ ਹਾਦਸਿਆਂ ਦਾ ਖ਼ਤਰਾ
ਤੇਜ਼ ਹਨੇਰੀ ਜਾਂ ਸਹਾਰਾ ਟੁੱਟਣ ਨਾਲ ਕਿਸੇ ਵੀ ਸਮੇਂ ਵਾਪਰ ਸਕਦਾ ਹੈ ਹਾਦਸਾ, ਪ੍ਰਸ਼ਾਸਨ ਤੋਂ ਰੁੱਖ ਹਟਾਉਣ ਦੀ ਮੰਗ - ਤਜਿੰਦਰ ਸਿੰਘ ਕਾਲਾ
ਭੁਲੱਥ, 3 ਨਵੰਬਰ (ਧਵਨ)- ਭੁਲੱਥ-ਕਰਤਾਰਪੁਰ ਮੇਨ ਸੜਕ ਦੇ ਆਸੇ-ਪਾਸੇ ਖੜ੍ਹੇ ਸਫ਼ੈਦੇ ਦੇ ਕੁਝ ਬੁੱਢੇ ਅਤੇ ਜੜ੍ਹਾਂ ਤੋਂ ਉੱਖੜੇ ਰੁੱਖ ਸੜਕ ਵੱਲ ਝੁਕਣ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਖ਼ਤਰਾ ਬਣੇ ਹੋਏ ਹਨ। ਕਈ ਰੁੱਖ ਤਾਰਾਂ ਜਾਂ ਹੋਰ ਰੁੱਖਾਂ ਦੀਆਂ ਟਾਹਣੀਆਂ ਦੇ ਸਹਾਰੇ ਖੜ੍ਹੇ ਹਨ, ਜੋ ਤੇਜ਼ ਹਨੇਰੀ ਦੌਰਾਨ ਜਾਂ ਸਹਾਰਾ ਟੁੱਟਣ ’ਤੇ ਕਿਸੇ ਵੀ ਸਮੇਂ ਸੜਕ ’ਤੇ ਡਿੱਗ ਸਕਦੇ ਹਨ। ਇਸ ਕਾਰਨ ਵਾਹਨਾਂ ਅਤੇ ਉਨ੍ਹਾਂ ਵਿੱਚ ਸਵਾਰ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ।
ਇਸ ਸਬੰਧੀ ਗੁਰੂ ਨਾਨਕ ਟੈਕਸੀ ਸਟੈਂਡ ਭੁਲੱਥ ਦੇ ਡਰਾਈਵਰ ਤਜਿੰਦਰ ਸਿੰਘ (ਕਾਲਾ ਸਰਵਿਸ ਸਟੇਸ਼ਨ) ਨੇ ਦੱਸਿਆ ਕਿ ਸੜਕ ਕਿਨਾਰੇ ਝੁਕੇ ਹੋਏ ਰੁੱਖਾਂ ਕਾਰਨ ਹਰ ਸਮੇਂ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਅਜਿਹੇ ਖ਼ਤਰਨਾਕ ਮਸਲਿਆਂ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਅਤੇ ਜਿਹੜੇ ਰੁੱਖ ਬੁੱਢੇ ਹੋ ਚੁੱਕੇ ਹਨ ਜਾਂ ਜੜ੍ਹਾਂ ਤੋਂ ਉੱਖੜ ਕੇ ਡਿੱਗਣ ਦੀ ਹਾਲਤ ਵਿੱਚ ਹਨ, ਉਨ੍ਹਾਂ ਨੂੰ ਨਿਯਮਾਂ ਅਨੁਸਾਰ ਹਟਾਇਆ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਵੱਲੋਂ ਜੇਕਰ ਕੋਈ ਵਿਅਕਤੀ ਰੁੱਖਾਂ ਨਾਲ ਮਾਮੂਲੀ ਛੇੜਛਾੜ ਵੀ ਕਰਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਂਦੀ ਹੈ, ਪਰ ਜਦੋਂ ਇਹੀ ਰੁੱਖ ਲੋਕਾਂ ਦੀ ਜਾਨ ਲਈ ਖ਼ਤਰਾ ਬਣ ਜਾਂਦੇ ਹਨ ਤਾਂ ਉਨ੍ਹਾਂ ਨੂੰ ਹਟਾਉਣ ਲਈ ਲੋੜੀਂਦੇ ਕਦਮ ਨਹੀਂ ਚੁੱਕੇ ਜਾਂਦੇ। ਉਨ੍ਹਾਂ ਇਹ ਵੀ ਦੱਸਿਆ ਕਿ ਸੜਕ ਕਿਨਾਰੇ ਕੁਝ ਡਿੱਗੇ ਹੋਏ ਰੁੱਖ ਅਜੇ ਵੀ ਪਏ ਹਨ, ਜੋ ਖ਼ਾਸ ਕਰਕੇ ਰਾਤ ਸਮੇਂ ਵਾਹਨ ਚਾਲਕਾਂ ਲਈ ਹਾਦਸੇ ਦਾ ਕਾਰਨ ਬਣ ਸਕਦੇ ਹਨ।
ਤਜਿੰਦਰ ਸਿੰਘ ਨੇ ਸਮੂਹ ਡਰਾਈਵਰ ਭਾਈਚਾਰੇ ਵੱਲੋਂ ਪ੍ਰਸ਼ਾਸਨ ਅਤੇ ਜੰਗਲਾਤ ਵਿਭਾਗ ਤੋਂ ਮੰਗ ਕੀਤੀ ਕਿ ਭੁਲੱਥ-ਕਰਤਾਰਪੁਰ ਮੁੱਖ ਸੜਕ ’ਤੇ ਸੜਕ ਵੱਲ ਲਟਕ ਰਹੇ ਅਤੇ ਖ਼ਤਰਨਾਕ ਹਾਲਤ ਵਿੱਚ ਖੜ੍ਹੇ ਰੁੱਖਾਂ ਦੀ ਜਾਂਚ ਕਰਵਾ ਕੇ ਉਨ੍ਹਾਂ ਨੂੰ ਨਿਯਮਾਂ ਅਨੁਸਾਰ ਕਟਵਾਇਆ ਜਾਵੇ ਅਤੇ ਸੜਕ ਕਿਨਾਰੇ ਪਏ ਡਿੱਗੇ ਰੁੱਖਾਂ ਨੂੰ ਵੀ ਤੁਰੰਤ ਹਟਾਇਆ ਜਾਵੇ, ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਹੋ ਸਕੇ।