27/10/2026
ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਵਿਖੇ ਸੱਤ ਰੋਜ਼ਾ ਵਿਸ਼ੇਸ਼ ਐੱਨ.ਐੱਸ.ਐੱਸ. ਕੈਂਪ ਸਫਲਤਾਪੂਰਵਕ ਮੁਕੰਮਲ ਹੋਇਆ
ਬਠਿੰਡਾ, 19 ਅਕਤੂਬਰ 2026
ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਦੇ ਪ੍ਰਿੰਸੀਪਲ ਡਾ. ਜਯੋਤਸਨਾ ਦੀ ਯੋਗ ਰਹਿਨੁਮਾਈ ਤਹਿਤ ਕਾਲਜ ਦੇ ਐੱਨ.ਐੱਸ.ਐੱਸ. ਵਿਭਾਗ ਵੱਲੋਂ ਮਿਤੀ 13 ਅਕਤੂਬਰ ਤੋਂ 19 ਅਕਤੂਬਰ, 2026 ਤੱਕ “ਨਸ਼ਾ ਮੁਕਤ ਅਤੇ ਟੀ.ਬੀ. ਮੁਕਤ ਯੁਵਾ” ਵਿਸ਼ੇ ਤਹਿਤ ਸੱਤ ਰੋਜ਼ਾ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਵਲੰਟੀਅਰਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਸਮਾਜ ਸੇਵਾ, ਸਿਹਤ ਜਾਗਰੂਕਤਾ, ਵਾਤਾਵਰਨ ਦੀ ਸੰਭਾਲ, ਹੁਨਰ ਵਿਕਾਸ, ਸੱਭਿਆਚਾਰਕ ਗਤੀਵਿਧੀਆਂ ਅਤੇ ਆਪਸੀ ਸਹਿਯੋਗ ਨਾਲ ਜੁੜੇ ਵੱਖ-ਵੱਖ ਕਾਰਜਾਂ ਵਿੱਚ ਆਪਣੀ ਸਰਗਰਮ ਭੂਮਿਕਾ ਨਿਭਾਈ। ਕੈਂਪ ਦਾ ਮੁੱਖ ਉਦੇਸ਼ ਨੌਜਵਾਨਾਂ ਵਿੱਚ ਸਮਾਜਿਕ ਜ਼ਿੰਮੇਵਾਰੀ, ਸੇਵਾ ਭਾਵਨਾ, ਅਨੁਸ਼ਾਸਨ ਅਤੇ ਲੋਕ ਭਲਾਈ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ।
ਕੈਂਪ ਦੇ ਪਹਿਲੇ ਦਿਨ ਦੀ ਸ਼ੁਰੂਆਤ ਕਾਲਜ ਦੇ ਆਡੀਟੋਰੀਅਮ ਵਿੱਚ ਉਦਘਾਟਨੀ ਸਮਾਰੋਹ ਵਿੱਚ ਸ਼ਮ੍ਹਾਂ ਰੌਸ਼ਨ ਕਰਨ ਨਾਲ ਹੋਈ, ਜਿਸ ਦੌਰਾਨ ਕਾਲਜ ਪ੍ਰਿੰਸੀਪਲ, ਕਾਲਜ ਕੌਂਸਲ, ਐੱਨ.ਐੱਸ.ਐੱਸ.ਵਿਭਾਗ ਵੱਲੋਂ ਗੋਦ ਲਏ ਪਿੰਡ ਜੱਸੀ ਪੌ ਵਾਲੀ ਦੀ ਪੰਚਾਇਤ, ਪ੍ਰੋਗਰਾਮ ਅਫ਼ਸਰ ਸਾਹਿਬਾਨ ਅਤੇ 200 ਵਲੰਟੀਅਰਾਂ ਮੌਜੂਦ ਸਨ। ਕਾਲਜ ਦੇ ਪ੍ਰਿੰਸੀਪਲ ਡਾ. ਜਯੋਤਸਨਾ ਨੇ ਵਲੰਟੀਅਰਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਸਮਾਜ ਸੇਵਾ ਦੇ ਕਾਰਜਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਅਫ਼ਸਰ ਪ੍ਰੋ. ਦੀਪਕ ਸ਼ਰਮਾ ਨੇ “ਨਸ਼ਾ ਮੁਕਤ ਅਤੇ ਟੀ.ਬੀ. ਮੁਕਤ ਯੁਵਾ” ਵਿਸ਼ੇ ਬਾਰੇ ਮੁੱਢਲੀ ਜਾਣਕਾਰੀ ਅਤੇ ਅੱਜ ਦੇ ਸਮੇਂ ਇਸਦੀ ਮਹੱਤਤਾ ਬਾਰੇ ਵਲੰਟੀਅਰਾਂ ਨੂੰ ਜਾਣੂੰ ਕਰਵਾਇਆ। ਇਸ ਮੌਕੇ ਨਸ਼ਾ ਮੁਕਤੀ ਵਿਸ਼ੇ ’ਤੇ ਪੋਸਟਰ ਬਣਾਉਣ ਦੀ ਗਤੀਵਿਧੀ ਕਰਵਾਈ ਗਈ। ਇਸ ਉਪਰੰਤ ਪਿੰਡ ਜੱਸੀ ਪੌ ਵਾਲੀ ਦਾ ਸਰਵੇਖਣ ਵੀ ਕੀਤਾ ਗਿਆ ਤਾਂ ਜੋ ਆਉਣ ਵਾਲੇ ਦਿਨਾਂ ਦੀਆਂ ਗਤੀਵਿਧੀਆਂ ਦੀ ਯੋਜਨਾ ਬਣਾਈ ਜਾ ਸਕੇ। ਇਸ ਮੌਕੇ ਡਾ. ਸਿਮਰਨਜੀਤ ਕੌਰ ਜੀ (ਮੁਖੀ, ਮਨੋਵਿਗਿਆਨ ਵਿਭਾਗ) ਵੱਲੋਂ ਮਨੋਵਿਗਿਆਨ ਅਤੇ ਮਾਨਸਿਕ ਸਿਹਤ ਨਾਲ ਸਬੰਧਿਤ ਵਿਸ਼ੇਸ਼ ਲੈਕਚਰ ਦਿੱਤਾ ਗਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਤਣਾਅ ਤੇ ਡਿਪ੍ਰੈਸ਼ਨ ਵਰਗੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਨਾਲ ਨਜਿੱਠਣ ਬਾਰੇ ਦੱਸਿਆ। ਵਿਸ਼ੇ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਉਨ੍ਹਾਂ ਵੱਲੋਂ ਇੱਕ ਜਾਣਕਾਰੀ ਭਰਪੂਰ ਵੀਡੀਓ ਵੀ ਦਿਖਾਈ ਗਈ। ਸੈਸ਼ਨ ਦੇ ਅੰਤ ਵਿੱਚ ਵਿਦਿਆਰਥਣ ਏਕਮਨੂਰ ਕੌਰ ਨੇ ਪੂਰੇ ਵਿਸ਼ੇ ਦਾ ਸਾਰ ਆਪਣੀ ਕਵਿਤਾ ਰਾਹੀਂ ਪੇਸ਼ ਕੀਤਾ।
ਕੈਂਪ ਦੇ ਦੂਜੇ ਦਿਨ ਵਲੰਟੀਅਰਾਂ ਨੂੰ ਪਿੰਡ ਜੱਸੀ ਪੌ ਵਾਲੀ ਵਿਖੇ ਲਿਜਾਇਆ ਗਿਆ। ਪਿੰਡ ਵਿੱਚ ਨਸ਼ਾ ਮੁਕਤੀ ਅਤੇ ਟੀ.ਬੀ. ਤੋਂ ਬਚਾਅ ਸਬੰਧੀ ਜਾਗਰੂਕਤਾ ਰੈਲੀ ਕੱਢੀ ਗਈ। ਵਲੰਟੀਅਰਾਂ ਨੇ ਗੁਰਦੁਆਰਾ ਸਾਹਿਬ ਵਿਖੇ ਸਫ਼ਾਈ ਅਤੇ ਲੰਗਰ ਦੀ ਸੇਵਾ ਵੀ ਨਿਭਾਈ। ਪਹਿਲੇ ਸੈਸ਼ਨ ਵਿੱਚ ਸਿਵਲ ਹਸਪਤਾਲ, ਬਠਿੰਡਾ ਤੋਂ ਆਏ ਸਿਹਤ ਮਾਹਿਰਾਂ ਡਾ. ਸੋਮਾ ਰਾਣੀ ਅਤੇ ਡਾ. ਪ੍ਰੀਤ ਕਿਰਨ (ਕਾਊਂਸਲਰ, ਨਸ਼ਾ ਛੁਡਾਊ ਕੇਂਦਰ, ਬਠਿੰਡਾ) ਅਤੇ ਦੂਜੇ ਸੈਸ਼ਨ ਡਾ. ਰੋਜ਼ੀ ਅਗਰਵਾਲ (ਜ਼ਿਲ੍ਹਾ ਟੀਬੀ ਅਫ਼ਸਰ, ਬਠਿੰਡਾ) ਵੱਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ, ਨਸ਼ਾ ਛੁਡਾਊ ਸਹਾਇਤਾ ਅਤੇ ਟੀ.ਬੀ. ਦੀ ਬਿਮਾਰੀ ਦੇ ਲੱਛਣਾਂ ਤੇ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ। ਬੁਲਾਰਿਆਂ ਨੇ ਨਸ਼ਿਆਂ ਦੀ ਲਤ ਨਾਲ ਜੂਝ ਰਹੇ ਵਿਅਕਤੀਆਂ ਪ੍ਰਤੀ ਹਮਦਰਦੀ ਵਾਲਾ ਰਵੱਈਆ ਅਪਣਾਉਣ ਅਤੇ ਉਨ੍ਹਾਂ ਨੂੰ ਇਲਾਜ ਲਈ ਪ੍ਰੇਰਿਤ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਸੈਸ਼ਨਾਂ ਦੇ ਅੰਤ ਉੱਤੇ ਬੁਲਾਰਿਆਂ ਨੂੰ ਵਿਭਾਗ ਵੱਲੋਂ ਸਨਮਾਨਿਤ ਕੀਤਾ ਗਿਆ।
ਤੀਜੇ ਦਿਨ ਕਾਲਜ ਦੇ ਆਡੀਟੋਰੀਅਮ ਵਿੱਚ ਅਕਾਦਮਿਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਡਾ. ਟੀ. ਆਰ. ਵਿਨੋਦ ਦੇ ਸਾਹਿਤਕ ਅਤੇ ਆਲੋਚਨਾਤਮਕ ਯੋਗਦਾਨ ਨੂੰ ਯਾਦ ਕੀਤਾ ਗਿਆ। ਇਸ ਮੌਕੇ ਵਲੰਟੀਅਰਾਂ ਨੇ ਵੱਖ-ਵੱਖ ਵਿਦਵਾਨਾਂ ਅਤੇ ਸਾਹਿਤਕਾਰਾਂ ਦੇ ਵਿਚਾਰਾਂ ਤੋਂ ਸਾਹਿਤ, ਸੱਭਿਆਚਾਰ, ਗੁਰੂ-ਸ਼ਿਸ਼ ਪਰੰਪਰਾ ਅਤੇ ਨਿੱਜੀ ਅਨੁਭਵਾਂ ਬਾਰੇ ਗਿਆਨ ਹਾਸਿਲ ਕੀਤਾ। ਪ੍ਰੋਗਰਾਮ ਦੌਰਾਨ ਐੱਨ.ਐੱਸ.ਐੱਸ. ਵਲੰਟੀਅਰਾਂ ਨੇ ਅਨੁਸ਼ਾਸਨ, ਮੰਚ ਸਹਾਇਤਾ, ਅਤੇ ਮਹਿਮਾਨ ਨਵਾਜ਼ੀ ਵਿੱਚ ਵੀ ਯੋਗਦਾਨ ਪਾਇਆ। ਇਸ ਗਤੀਵਿਧੀ ਨੇ ਵਲੰਟੀਅਰਾਂ ਨੂੰ ਸਾਹਿਤਕ ਵਿਰਾਸਤ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨਾਲ ਜੁੜਨ ਦਾ ਮੌਕਾ ਪ੍ਰਦਾਨ ਕੀਤਾ।
ਚੌਥੇ ਦਿਨ ਵਲੰਟੀਅਰਾਂ ਲਈ ਬੇਕਿੰਗ ਅਤੇ ਮੋਬਾਈਲ ਫੋਟੋਗ੍ਰਾਫੀ ਦੀਆਂ ਵਰਕਸ਼ਾਪਾਂ ਕਰਵਾਈਆਂ ਗਈਆਂ। ਪਹਿਲੇ ਸੈਸ਼ਨ ਵਿੱਚ ਬੇਕਿੰਗ ਵਰਕਸ਼ਾਪ ਦੌਰਾਨ ਸ਼੍ਰੀ ਮੋਨੂੰ ਸ਼ਰਮਾ (ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ) ਵੱਲੋਂ ਡੋਨਟ, ਬਟਰ ਕੁਕੀਜ਼ ਅਤੇ ਕੇਕ ਬਣਾਉਣ ਦੀ ਸਿਖਲਾਈ ਦਿੱਤੀ ਗਈ। ਇਸ ਤੋਂ ਇਲਾਵਾ ਵਲੰਟੀਅਰਾਂ ਨੇ ਟੀਮਾਂ ਵਿੱਚ ਵੰਡ ਕੇ ਕਾਲਜ ਦੀ ਸਫ਼ਾਈ ਕੀਤੀ ਅਤੇ ਲੰਗਰ ਦੀ ਸੇਵਾ ਵਿੱਚ ਹਿੱਸਾ ਲਿਆ। ਦੂਜੇ ਸੈਸ਼ਨ ਵਿੱਚ ਮੋਬਾਈਲ ਫੋਟੋਗ੍ਰਾਫੀ ਵਰਕਸ਼ਾਪ ਵਿੱਚ ਜਸਪ੍ਰੀਤ ਸਿੰਘ (ਖੋਜਾਰਥੀ, ਸ. ਸੋਭਾ ਸਿੰਘ ਫ਼ਾਈਨ ਆਰਟਸ ਵਿਭਾਗ, ਪੰ.ਯੂ. ਪਟਿਆਲਾ) ਨੇ ਰੰਗਾਂ ਅਤੇ ਟੋਨ, ਫਰੇਮ ਦੇ ਅੰਦਰ ਫਰੇਮ, ਨੈਗੇਟਿਵ ਸਪੇਸ, ਪੈਟਰਨ ਅਤੇ ਬਣਤਰ ਵਰਗੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਐਨ.ਐੱਸ.ਐੱਸ. ਦੇ ਸਾਬਕਾ ਪ੍ਰੋਗਰਾਮ ਅਫ਼ਸਰ ਪ੍ਰੋ. ਸੁਲਤਾਨ ਸਿੰਘ ਨੇ ਵਲੰਟੀਅਰਾਂ ਨਾਲ ਆਪਣੇ ਅਨੁਭਵ ਸਾਂਝੇ ਕਰਦਿਆਂ ਉਨ੍ਹਾਂ ਨੂੰ ਅਨੁਸ਼ਾਸਨ ਅਤੇ ਸਮਾਜ ਸੇਵਾ ਦੀ ਮਹੱਤਤਾ ਬਾਰੇ ਪ੍ਰੇਰਿਤ ਕੀਤਾ।
ਪੰਜਵੇਂ ਦਿਨ ਪਿੰਡ ਜੱਸੀ ਪੌ ਵਾਲੀ ਵਿਖੇ ਮਹਿਲਾ ਸਿਹਤ ਅਤੇ ਨਿੱਜੀ ਸਫ਼ਾਈ ਸਬੰਧੀ ਵਿਸ਼ੇਸ਼ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ। ਇਸ ਮੌਕੇ ਪਹਿਲੇ ਸੈਸ਼ਨ ਵਿੱਚ ਗਾਇਨੀਕੌਲੋਜਿਸਟ ਡਾ. ਮੋਹਿਨੀ ਅਗਰਵਾਲ ਨੇ ਪਿੰਡ ਦੀਆਂ ਮਹਿਲਾਵਾਂ ਅਤੇ ਐਨ.ਐੱਸ.ਐੱਸ. ਦੀਆਂ ਮਹਿਲਾ ਵਲੰਟੀਅਰਾਂ ਨੂੰ ਔਰਤਾਂ ਦੀ ਸਿਹਤ ਅਤੇ ਮਾਹਵਾਰੀ ਦੌਰਾਨ ਸਫ਼ਾਈ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਦੂਜੇ ਸੈਸ਼ਨ ਵਿੱਚ ਵਲੰਟੀਅਰਾਂ ਨੇ ਪਿੰਡ ਵਿੱਚ ਪੌਦੇ ਲਗਾਉਣ, ਸਾਫ਼ ਸਫ਼ਾਈ ਅਤੇ ਲੰਗਰ ਦੀ ਸੇਵਾ ਨਿਭਾਈ। ਇਸ ਉਪਰੰਤ ਸਾਰੇ ਵਲੰਟੀਅਰਾਂ ਨੇ ਬੀੜ ਤਲਾਬ ਚਿੜੀਆਘਰ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਵੱਖ-ਵੱਖ ਜਾਨਵਰਾਂ ਅਤੇ ਉਨ੍ਹਾਂ ਦੇ ਰਹਿਣ-ਸਹਿਣ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸੇ ਦਿਨ ਸ਼ਾਮ ਨੂੰ ਕਾਲਜ ਵਿੱਚ ਕੈਂਪਫ਼ਾਇਰ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਜਯੋਤਸਨਾ, ਸੇਵਾਮੁਕਤ ਸਾਬਕਾ ਪ੍ਰੋਗਰਾਮ ਅਫ਼ਸਰ ਸਾਹਿਬਾਨ ਪ੍ਰੋ. ਗੁਰਜੀਤ ਸਿੰਘ ਮਾਨ, ਡਾ. ਊਸ਼ਾ ਸ਼ਰਮਾ, ਕਾਲਜ ਦੇ ਪ੍ਰੋਫ਼ੈਸਰ ਸਾਹਿਬਾਨ ਡਾ. ਬਲਜਿੰਦਰ ਕੌਰ, ਪ੍ਰੋ. ਪ੍ਰਗਟ ਸਿੰਘ, ਡਾ. ਸੀਮਾ ਗੁਪਤਾ ਨੇ ਸ਼ਿਰਕਤ ਕੀਤੀ। ਮਹਿਮਾਨਾਂ ਨੇ ਸਮਾਜ ਸੇਵਾ ਦੇ ਲਿਹਾਜ਼ ਨਾਲ ਐੱਨ.ਐੱਸ.ਐੱਸ. ਦੇ ਮਹੱਤਵ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਵਲੰਟੀਅਰਾਂ ਨੇ ਬੋਲੀਆਂ, ਕਵਿਤਾਵਾਂ ਅਤੇ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਪ੍ਰੋਗਰਾਮ ਨੇ ਵਲੰਟੀਅਰਾਂ ਵਿੱਚ ਆਪਸੀ ਸਾਂਝ, ਸਹਿਯੋਗ ਅਤੇ ਸੱਭਿਆਚਾਰਕ ਰੁਚੀ ਨੂੰ ਹੋਰ ਮਜ਼ਬੂਤ ਕੀਤਾ।
ਛੇਵੇਂ ਦਿਨ ਦੀ ਸ਼ੁਰੂਆਤ ਯੋਗਾ, ਮੈਡੀਟੇਸ਼ਨ, ਦੌੜ ਅਤੇ ਸਰੀਰਕ ਕਸਰਤਾਂ ਨਾਲ ਹੋਈ। ਪ੍ਰੋ. ਸਰਜੀਵਨ ਰਾਣੀ ਦੀ ਅਗਵਾਈ ਤਹਿਤ ਵਲੰਟੀਅਰਾਂ ਨੇ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦੀ ਮਹੱਤਤਾ ਨੂੰ ਸਮਝਿਆ। ਇਸ ਤੋਂ ਬਾਅਦ ਪਹਿਲੇ ਸੈਸ਼ਨ ਵਿੱਚ ‘ਵੇਸਟ ਟੂ ਬੈਸਟ’ ਵਰਕਸ਼ਾਪ ਕਰਵਾਈ ਗਈ ਜਿਸ ਵਿੱਚ ਵਲੰਟੀਅਰਾਂ ਨੇ ਪੁਰਾਣੇ ਡੱਬਿਆਂ, ਗੱਤਿਆਂ, ਰੱਸੀਆਂ ਅਤੇ ਹੋਰ ਬੇਕਾਰ ਸਮੱਗਰੀ ਦੀ ਮੁੜ ਵਰਤੋਂ ਕਰਕੇ ਸਜਾਵਟੀ ਅਤੇ ਉਪਯੋਗੀ ਵਸਤਾਂ ਤਿਆਰ ਕੀਤੀਆਂ। ਇਸ ਗਤੀਵਿਧੀ ਰਾਹੀਂ ਵਾਤਾਵਰਨ ਦੀ ਸੰਭਾਲ ਅਤੇ ਸਰੋਤਾਂ ਦੀ ਸੁਚੱਜੀ ਵਰਤੋਂ ਦਾ ਸੰਦੇਸ਼ ਦਿੱਤਾ ਗਿਆ। ਦੂਜੇ ਸੈਸ਼ਨ ਵਿੱਚ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਵਲੰਟੀਅਰਾਂ ਨੇ ਆਪਣੀਆਂ ਕਵਿਤਾਵਾਂ ਅਤੇ ਸਾਹਿਤਕ ਰਚਨਾਵਾਂ ਪੇਸ਼ ਕੀਤੀਆਂ।
ਸੱਤਵੇਂ ਦਿਨ ਵਿਸ਼ੇਸ਼ ਕੈਂਪ ਦਾ ਸਮਾਪਤੀ ਸਮਾਰੋਹ ਬੜੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਡਾ. ਅਨਹਦ ਸਿੰਘ ਗਿੱਲ, ਐਨ.ਐੱਸ.ਐੱਸ. ਕੋਆਰਡੀਨੇਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਕਾਲਜ ਦੇ ਪ੍ਰਿੰਸੀਪਲ ਡਾ. ਜਯੋਤਸਨਾ, ਪਿੰਡ ਜੱਸੀ ਪੌ ਵਾਲੀ ਦੇ ਪੰਚਾਇਤ ਮੈਂਬਰ, ਪ੍ਰੋਗਰਾਮ ਅਫ਼ਸਰ ਅਤੇ ਸਮੂਹ ਵਲੰਟੀਅਰ ਮੌਜੂਦ ਸਨ। ਸਮਾਰੋਹ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਕਰਨ ਦੀ ਰਸਮ ਨਾਲ ਹੋਈ। ਮੁੱਖ ਮਹਿਮਾਨ ਡਾ. ਅਨਹਦ ਸਿੰਘ ਗਿੱਲ ਨੇ ਕੈਂਪ ਦੇ ਸਫਲ ਆਯੋਜਨ ਲਈ ਕਾਲਜ ਪ੍ਰਿੰਸੀਪਲ ਅਤੇ ਐੱਨ.ਐੱਸ.ਐੱਸ. ਵਿਭਾਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਕੈਂਪ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਸਹਾਈ ਹੁੰਦੇ ਹਨ। ਇਸ ਦੌਰਾਨ ਵਲੰਟੀਅਰਾਂ ਵੱਲੋਂ ਭੰਗੜਾ, ਗਿੱਧਾ, ਹੋਰ ਲੋਕ-ਨਾਚ ਅਤੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿੱਚ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਉਹਨਾਂ ਇਸ ਕੈਂਪ ਸੰਬੰਧੀ ਆਪਣੇ ਅਨੁਭਵ ਵੀ ਦਰਜ ਕਰਵਾਏ। ਕਾਲਜ ਪ੍ਰਿੰਸੀਪਲ ਅਤੇ ਐੱਨ.ਐੱਸ.ਐੱਸ. ਵਿਭਾਗ ਵੱਲੋਂ ਮੁੱਖ ਮਹਿਮਾਨ ਅਤੇ ਪੰਚਾਇਤ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਚਾਰ ਐੱਨ.ਐੱਸ.ਐੱਸ. ਯੂਨਿਟਾਂ ਵਿੱਚੋਂ ਇੱਕ-ਇੱਕ ਸਰਵੋਤਮ ਵਲੰਟੀਅਰ ਅਤੇ ਸਰਵੋਤਮ ਡਾਇਰੀ ਲਿਖਣ ਵਾਲੇ ਵਲੰਟੀਅਰਾਂ ਦੀ ਚੋਣ ਕਰਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਕੈਂਪ ਲਗਾਉਣ ਵਾਲੇ ਸਾਰੇ ਵਲੰਟੀਅਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਗਰੁੱਪ ਤਸਵੀਰਾਂ ਖਿਚਵਾਈਆਂ ਗਈਆਂ। ਰਾਸ਼ਟਰੀ ਗਾਣ ਦੇ ਨਾਲ ਸਮਾਰੋਹ ਦੀ ਸਮਾਪਤੀ ਹੋਈ। ਇਸ ਉਪਰੰਤ ਮਹਿਮਾਨਾਂ ਅਤੇ ਵਲੰਟੀਅਰਾਂ ਲਈ ਭੋਜਨ ਦਾ ਪ੍ਰਬੰਧ ਕੀਤਾ ਗਿਆ। ਸਮਾਰੋਹ ਦੌਰਾਨ ਪ੍ਰੋ. ਦੀਪਕ ਸ਼ਰਮਾ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ। ਸਮਾਰੋਹ ਦੌਰਾਨ ਪ੍ਰੋ. ਸਿਮਰਨਜੀਤ ਕੌਰ, ਪ੍ਰੋ. ਰਾਜਵੀਰ ਕੌਰ, ਡਾ. ਲਖਵੀਰ ਸਿੰਘ, ਡਾ. ਕੁਲਬੀਰ ਸਿੰਘ, ਪ੍ਰੋ. ਅਮ੍ਰਿਤਪਾਲ ਸਿੰਘ ਬੁੱਟਰ, ਪ੍ਰੋ. ਸਿਮਰਜੀਤ ਕੌਰ ਅਤੇ ਡਾ. ਮਨੋਨੀਤ ਕੌਰ ਵੀ ਮੌਜੂਦ ਸਨ।
ਸੱਤ ਰੋਜ਼ਾ ਐਨ.ਐੱਸ.ਐੱਸ. ਕੈਂਪ ਦੌਰਾਨ ਵਲੰਟੀਅਰਾਂ ਨੇ ਵੱਖ-ਵੱਖ ਖੇਤਰਾਂ ਵਿੱਚ ਸਰਗਰਮ ਭੂਮਿਕਾ ਨਿਭਾਉਂਦਿਆਂ ਇਹ ਸਿੱਖਿਆ ਕਿ ਸਮਾਜ ਦੀ ਭਲਾਈ ਲਈ ਸੇਵਾ, ਸਹਿਯੋਗ, ਅਨੁਸ਼ਾਸਨ ਅਤੇ ਜਾਗਰੂਕਤਾ ਬਹੁਤ ਜ਼ਰੂਰੀ ਹਨ। ਕੈਂਪ ਦੀਆਂ ਗਤੀਵਿਧੀਆਂ ਨੇ ਉਨ੍ਹਾਂ ਵਿੱਚ ਆਤਮ-ਵਿਸ਼ਵਾਸ, ਟੀਮ ਵਰਕ, ਰਚਨਾਤਮਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ। ਐਨ.ਐੱਸ.ਐੱਸ. ਦਾ ਮੂਲ ਮੰਤਰ “ਮੈਂ ਨਹੀਂ, ਤੁਸੀਂ” ਵਲੰਟੀਅਰਾਂ ਨੂੰ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਸਮਾਜ ਦੀ ਭਲਾਈ ਲਈ ਕੰਮ ਕਰਨ ਦੀ ਪ੍ਰੇਰਣਾ ਦਿੰਦਾ ਰਿਹਾ। ਇਸ ਤਰ੍ਹਾਂ ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਦੀਆਂ ਐਨ.ਐੱਸ.ਐੱਸ. ਯੂਨਿਟਾਂ ਵੱਲੋਂ ਲਗਾਇਆ ਗਿਆ ਇਹ ਵਿਸ਼ੇਸ਼ ਕੈਂਪ ਵਲੰਟੀਅਰਾਂ ਲਈ ਸਿੱਖਿਆਦਾਇਕ, ਪ੍ਰੇਰਨਾਦਾਇਕ ਅਤੇ ਯਾਦਗਾਰ ਅਨੁਭਵ ਸਾਬਤ ਹੋਇਆ। ਪ੍ਰੋਗਰਾਮ ਅਫ਼ਸਰਾਂ ਪ੍ਰੋ. ਦੀਪਕ ਸ਼ਰਮਾ, ਪ੍ਰੋ. ਗੁਰਮੀਤ ਸਿੰਘ, ਪ੍ਰੋ. ਰਾਜਪਾਲ ਕੌਰ ਅਤੇ ਪ੍ਰੋ. ਸਰਜੀਵਨ ਰਾਣੀ ਦੇ ਸਮਰਪਿਤ ਯਤਨਾਂ, ਸਹਿਯੋਗ ਅਤੇ ਸੁਚੱਜੇ ਪ੍ਰਬੰਧਾਂ ਨੇ ਕੈਂਪ ਦੀਆਂ ਵੱਖ-ਵੱਖ ਗਤੀਵਿਧੀਆਂ ਨੂੰ ਸਫ਼ਲ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।